Crime News: ਦੇਸ਼ ਅੰਦਰ ਔਰਤਾਂ ਵਿਰੁਧ ਅਪਰਾਧ ਦੀਆਂ ਐਫ਼.ਆਈ.ਆਰ. ’ਚ ਲਗਾਤਾਰ ਤੀਜੇ ਸਾਲ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, 'ਜ਼ਿਆਦਾਤਰ ਅਪਰਾਧ ’ਚ ਪਤੀ ਜਾਂ ਰਿਸ਼ਤੇਦਾਰਾਂ ਸ਼ਾਮਲ'

File Photo
  • 2022 ਦੌਰਾਨ ‘ਔਰਤਾਂ ਵਿਰੁਧ ਅਪਰਾਧ’ ਦੀਆਂ 4.45 ਲੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ

New Delhi: ਭਾਰਤ ’ਚ ਸਾਲ 2022 ’ਚ ਔਰਤਾਂ ਵਿਰੁਧ ਅਪਰਾਧ ਦੇ ਕੁਲ 4,45,256 ਮਾਮਲੇ ਦਰਜ ਕੀਤੇ ਗਏ। ਐਨ.ਸੀ.ਆਰ.ਬੀ. ਦੇ ਤਾਜ਼ਾ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ ਹੈ।  ਇਸ ਤੋਂ ਪਹਿਲਾਂ 2021 ’ਚ 4,28,278 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ, ਜਦਕਿ 2020 ’ਚ 3,71,503 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। 

ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜਿਆਂ ਅਨੁਸਾਰ, 2022 ’ਚ ਔਰਤਾਂ ਵਿਰੁਧ ਅਪਰਾਧਾਂ ਦੇ ਸਬੰਧ ’ਚ ਹਰ ਘੰਟੇ ਲਗਭਗ 51 ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪ੍ਰਤੀ 100,000 ਆਬਾਦੀ ’ਤੇ ਔਰਤਾਂ ਵਿਰੁਧ ਅਪਰਾਧ ਦੀ ਦਰ 66.4 ਫ਼ੀ ਸਦੀ ਸੀ, ਜਦਕਿ ਅਜਿਹੇ ਮਾਮਲਿਆਂ ’ਚ ਚਾਰਜਸ਼ੀਟ ਦਾਇਰ ਕਰਨ ਦੀ ਦਰ 75.8 ਫ਼ੀ ਸਦੀ ਸੀ। 
ਐਨ.ਸੀ.ਆਰ.ਬੀ. ਨੇ ਕਿਹਾ ਕਿ ਭਾਰਤੀ ਦੰਡਾਵਲੀ ਦੇ ਤਹਿਤ ਔਰਤਾਂ ਵਿਰੁਧ ਜ਼ਿਆਦਾਤਰ ਅਪਰਾਧ (31.4 ਫੀ ਸਦੀ) ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਬੇਰਹਿਮੀ ਕਾਰਨ ਹੋਏ, ਇਸ ਤੋਂ ਬਾਅਦ ਔਰਤਾਂ ਨੂੰ ਅਗਵਾ ਕਰਨ (19.2 ਫ਼ੀ ਸਦੀ), ਔਰਤਾਂ ਨਾਲ ਜਬਰ ਜਨਾਹ ਦੇ ਇਰਾਦੇ ਨਾਲ ਉਨ੍ਹਾਂ ’ਤੇ ਹਮਲਾ (18.7 ਫ਼ੀ ਸਦੀ) ਅਤੇ ਜਬਰ ਜਨਾਹ (7.1 ਫ਼ੀ ਸਦੀ) ਹਨ। 

ਸਾਲ 2022 ’ਚ ਦਿੱਲੀ ’ਚ ਔਰਤਾਂ ਵਿਰੁਧ ਅਪਰਾਧ ਦੇ ਮਾਮਲਿਆਂ ਦੀ ਸਭ ਤੋਂ ਵੱਧ ਦਰ 144.4 ਦਰਜ ਕੀਤੀ ਗਈ, ਜੋ ਰਾਸ਼ਟਰੀ ਔਸਤ ਦਰ 66.4 ਤੋਂ ਕਾਫੀ ਜ਼ਿਆਦਾ ਹੈ। ਇਸ ਸਾਲ ਦਿੱਲੀ ’ਚ ਔਰਤਾਂ ਵਿਰੁਧ ਅਪਰਾਧ ਦੇ 14,247 ਮਾਮਲੇ ਸਾਹਮਣੇ ਆਏ ਹਨ।  ਅਧਿਕਾਰਤ ਅੰਕੜਿਆਂ ਮੁਤਾਬਕ ਦਿੱਲੀ ’ਚ 2021 ’ਚ ਅਜਿਹੇ ਮਾਮਲਿਆਂ ਦੀ ਗਿਣਤੀ 14,277 ਅਤੇ 2020 ’ਚ 10,093 ਸੀ। ਅੰਕੜਿਆਂ ਮੁਤਾਬਕ ਸਾਲ 2022 ’ਚ ਔਰਤਾਂ ਵਿਰੁਧ ਅਪਰਾਧ ਦੇ ਸਭ ਤੋਂ ਵੱਧ 65,743 ਮਾਮਲੇ ਉੱਤਰ ਪ੍ਰਦੇਸ਼ ’ਚ ਦਰਜ ਕੀਤੇ ਗਏ, ਇਸ ਤੋਂ ਬਾਅਦ ਮਹਾਰਾਸ਼ਟਰ ’ਚ 45,331, ਰਾਜਸਥਾਨ ’ਚ 45,058, ਪਛਮੀ ਬੰਗਾਲ ’ਚ 34,738 ਅਤੇ ਮੱਧ ਪ੍ਰਦੇਸ਼ ’ਚ 32,765 ਮਾਮਲੇ ਦਰਜ ਕੀਤੇ ਗਏ। 

ਐਨ.ਸੀ.ਆਰ.ਬੀ. ਅਨੁਸਾਰ, ਪਿਛਲੇ ਸਾਲ ਦੇਸ਼ ’ਚ ਰੀਪੋਰਟ ਕੀਤੇ ਗਏ ਕੁੱਲ ਮਾਮਲਿਆਂ ’ਚੋਂ 2,23,635 (50 ਫ਼ੀ ਸਦੀ) ਇਨ੍ਹਾਂ ਪੰਜ ਸੂਬਿਆਂ ’ਚ ਸਨ। 
ਉੱਤਰ ਪ੍ਰਦੇਸ਼ ’ਚ 2021 ਅਤੇ 2020 ’ਚ ਔਰਤਾਂ ਵਿਰੁਧ ਅਪਰਾਧ ਦੇ ਲੜੀਵਾਰ 56,083 ਅਤੇ 49,385 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਰਾਜਸਥਾਨ (40,738 ਅਤੇ 34,535), ਮਹਾਰਾਸ਼ਟਰ (39,526 ਅਤੇ 31,954), ਪਛਮੀ ਬੰਗਾਲ (35,884 ਅਤੇ 36,439) ਅਤੇ ਮੱਧ ਪ੍ਰਦੇਸ਼ (30,673 ਅਤੇ 25,640) ਦਾ ਨੰਬਰ ਆਉਂਦਾ ਹੈ। 

ਕੁੱਲ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਰਾਸ਼ਟਰੀ ਔਸਤ 66.4 ਤੋਂ ਵੱਧ ਅਪਰਾਧ ਦਰ ਦਰਜ ਕੀਤੀ। ਦਿੱਲੀ 144.4 ਦੀ ਦਰ ਨਾਲ ਸੂਚੀ ’ਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਹਰਿਆਣਾ (118.7), ਤੇਲੰਗਾਨਾ (117), ਰਾਜਸਥਾਨ (115.1), ਓਡੀਸ਼ਾ (103), ਆਂਧਰਾ ਪ੍ਰਦੇਸ਼ (96.2), ਅੰਡੇਮਾਨ ਅਤੇ ਨਿਕੋਬਾਰ ਟਾਪੂ (93.7), ਕੇਰਲ (82), ਅਸਾਮ (81), ਮੱਧ ਪ੍ਰਦੇਸ਼ (78.8), ਉਤਰਾਖੰਡ (77), ਮਹਾਰਾਸ਼ਟਰ (75.1), ਪਛਮੀ ਬੰਗਾਲ (71.8), ਉੱਤਰ ਪ੍ਰਦੇਸ਼ (58.6) ਦਾ ਨੰਬਰ ਆਉਂਦਾ ਹੈ। 

(For more news apart from Increasing crime against women, stay tuned to Rozana Spokesman)