ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਗੋਪਾਲ ਚਾਵਲਾ ਨੇ ਨਿਸ਼ਾਨੇ 'ਤੇ ਲਿਆ ਪਾਕਿ ਪ੍ਰਸ਼ਾਸਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮੌਕੇ ਐਮਪੀ ਨਨਕਾਣਾ ਸਾਹਿਬ ਮੀਆਂ ਮਹੁੰਮਦ ਆਤੀਫ ਨੇ ਪੰਜਾਬ ਸਰਕਾਰ ਵੱਲੋਂ ਬੋਲਦੇ ਹੋਏ ਕਿਹਾ ਕਿ ਘਟਨਾ 'ਤੇ ਮੈਂ ਸਿੱਖ ਭਾਈਚਾਰੇ ਤੋਂ ਬਹੁਤ ਹੀ ਸ਼ਰਮਿੰਦਾ ਹਾਂ।

Nankana Sahib

ਜੰਮੂ  (ਸਰਬਜੀਤ ਸਿੰਘ) : ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਹੋਏ ਫ਼ਿਰਕੂ ਜਨੂਨੀ ਹਮਲੇ ਤੋਂ ਬਾਦ ਪ੍ਰਸ਼ਾਸਨ ਅਧਿਕਾਰੀ ਗੁਰਦੁਆਰਾ ਜਨਮ ਅਸਥਾਨ ਵਿਖੇ ਪਹੁੰਚੇ। ਇਥੇ ਉਨ੍ਹਾਂ ਨੇ ਘਟਨਾ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਇਸ ਘਟਨਾ ਨਾਲ ਨਾ ਸਿਰਫ ਸਿੱਖ ਭਾਈਚਾਰੇ ਦੇ ਮਨ ਨੂੰ ਠੇਸ ਪਹੁੰਚੀ ਹੈ ਬਲਕਿ ਪਾਕਿਸਤਾਨ ਵਸਦੇ ਸਾਰੇ ਮੁਸਲਮਾਨਾਂ ਨੂੰ ਵੀ ਇਸ ਗੱਲ ਦਾ ਦੁੱਖ ਪਹੁੰਚਿਆ ਹੈ।

ਇਸ ਮੌਕੇ ਐਮਪੀ ਨਨਕਾਣਾ ਸਾਹਿਬ ਮੀਆਂ ਮਹੁੰਮਦ ਆਤੀਫ ਨੇ ਪੰਜਾਬ ਸਰਕਾਰ ਵੱਲੋਂ ਬੋਲਦੇ ਹੋਏ ਕਿਹਾ ਕਿ ਘਟਨਾ 'ਤੇ ਮੈਂ ਸਿੱਖ ਭਾਈਚਾਰੇ ਤੋਂ ਬਹੁਤ ਹੀ ਸ਼ਰਮਿੰਦਾ ਹਾਂ। ਮੈਂ ਹਰ ਅਮਨ ਕਮੇਟੀ ਦੀ ਮੀਟਿੰਗ ਵਿਚ ਲੋਕਾਂ ਨੂੰ ਮਿਸਾਲ ਦੇਂਦਾ ਸਾਂ ਕਿ ਸਾਡੇ ਨਨਕਾਣੇ ਵਿਚ ਕਦੇ ਵੀ ਕੋਈ ਮਾਮਲਾ ਸਾਮਣੇ ਨਹੀ ਆਇਆ ਕਿ ਕਿਸੀ ਵੀ ਧਰਮ ਸਥਾਨ ਨੂੰ ਕਿਸੇ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਦੇ ਨਾਲ ਦੀਵਾਰ ਬਣਕੇ ਖੜੇ ਹਾਂ।

ਨਾ ਸਿਰਫ ਸਰਕਾਰ ਬਲਕਿ ਸਾਰਾ ਪਾਕਿਸਤਾਨ ਸਿੱਖ ਭਾਈਚਾਰੇ ਦੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਵਾਕਿਆ ਵਿਚ ਸ਼ਾਮਲ ਸਨ, ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਇਸ ਮੌਕੇ 'ਤੇ ਬੋਲਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਸਿੱਖ-ਮੁਸਲਮਾਨ ਦੇ ਝਗੜੇ ਨਾਲ ਜੋੜ ਕੇ ਨਾ ਦੇਖਿਆ ਜਾਵੇ।

ਮੁਸਲਮਾਨ ਭਾਈਚਾਰਾ ਸਾਡੇ ਨਾਲ ਖੜਾ ਹੈ। ਘਟਨਾ ਵਿਚ ਸਿਰਫ ਇਕ ਹੀ ਪਰਿਵਾਰ ਸ਼ਾਮਲ ਸੀ, ਉਨ੍ਹਾਂ ਵਿਚੋਂ ਵੀ ਦੋ-ਤਿੰਨ ਬੰਦੇ ਉਸ ਘਟਨਾ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਲੇਟ ਕਾਰਵਾਈ ਕੀਤੀ,  ਹੁਣ ਮੈਂ ਪ੍ਰਸ਼ਾਸ਼ਨ ਤੋਂ ਮੰਗ ਕਰਦਾ ਹਾਂ ਕਿ ਉਨ੍ਹਾਂ ਦੋਸ਼ੀਆਂ ਉਪਰ ਜਲਦ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਘਟਨਾ 'ਤੇ ਦੁੱਖ ਪ੍ਰਗਟ ਕਰਨ ਗੁਰਦੁਆਰਾ ਜਨਮ ਅਸਥਾਨ ਪਹੁੰਚੇ ਮੌਲਾਨਾ ਮੁਹੱਬੁਲ ਨਬੀ ਤਾਹਿਰ ਨੇ ਕਿਹਾ ਕਿ ਇਹ ਜ਼ਿਆਦਤੀ ਨਹੀ ਇਹ ਜ਼ੁਲਮ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਨਨਕਾਣਾ ਸਾਹਿਬ ਵਿਖੇ ਰਬੀ ਉਲ ਸ਼ਰੀਫ ਦਾ ਜਲੂਸ ਕੱਢਿਆ ਗਿਆ ਤਾਂ ਸਿੱਖ ਭਾਈਚਾਰੇ ਨੇ ਸਾਡੇ ਉਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਉਸ ਤੋਂ ਅਗਲੇ ਦਿਨ ਬਾਬਾ ਗੁਰੂ ਨਾਨਕ ਦਾ ਜਨਮ ਦਿਨ ਸੀ ਅਤੇ ਸਾਡੇ ਵੱਲੋਂ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਹਾ ਕਿ ਇਸ ਅਸਥਾਨ ਨੂੰ ਅਸੀਂ ਰਿਆਸਤੇ ਮਦੀਨਾ ਬਣਾਵਾਂਗੇ ਅਤੇ ਧਾਰਮਿਕ ਅਸਥਾਨਾਂ ਦਾ ਆਦਰ ਕਰਨਾ ਹਰ ਇਕ ਦਾ ਫਰਜ਼ ਹੈ ਅਤੇ ਅਸੀ ਯਕੀਨ ਦੁਆਦੇ ਹਾਂ ਕਿ ਨਨਕਾਣਾ ਸਾਹਿਬ ਵਿਚ ਸਿੱਖਾਂ ਅਤੇ ਮੁਸਲਮਾਨਾਂ ਦੀ ਦੋਸਤੀ ਕਿਆਮਤ ਤੱਕ ਕਾਇਮ ਰਹੇਗੀ। ਨਨਕਾਣਾ ਵਿਚ ਪਹਿਲਾਂ ਵੀ ਅਮਨ ਸੀ ਅਤੇ ਅੱਗੇ ਵੀ ਅਮਨ ਬਣਿਆ ਰਹੇਗਾ।