ਅਮਰੀਕਾ ਤੋਂ ਆਈ 21 ਸਾਲਾਂ ਦੀ ਕੁੜੀ ਡਰਾਈਵਰ ਨਾਲ ਫ਼ਰਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਪਿਆਂ ਦੀ ਸ਼ਿਕਾਇਤ 'ਤੇ ਪੁਲਿਸ ਭਾਲ 'ਚ ਜੁਟੀ, ਤਾਂ ਇੱਕ ਵਕੀਲ ਨੇ ਵਿਆਹ ਦਾ ਸਰਟੀਫ਼ਿਕੇਟ ਪੇਸ਼ ਕਰ ਦਿੱਤਾ 

Representational Image

 

ਸੂਰਤ - ਅਮਰੀਕਾ ਦੀ ਰਹਿਣ ਵਾਲੀ 21 ਸਾਲਾ ਭਾਰਤੀ ਲੜਕੀ ਜੋ ਆਪਣੇ ਮਾਤਾ-ਪਿਤਾ ਨਾਲ ਸੂਰਤ ਦੇ ਬਾਰਡੋਲੀ ਨੇੜਲੇ ਆਪਣੇ ਜੱਦੀ ਪਿੰਡ ਆਈ ਸੀ, ਐਤਵਾਰ ਨੂੰ ਬਿਨਾਂ ਕਿਸੇ ਨੂੰ ਦੱਸੇ ਲਾਪਤਾ ਹੋ ਗਈ।

ਜਦੋਂ ਭਾਲ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ, ਤਾਂ ਔਰਤ ਦੇ ਮਾਪਿਆਂ ਨੇ ਸੋਮਵਾਰ ਨੂੰ ਬਾਰਡੋਲੀ ਥਾਣੇ 'ਚ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। 

ਫ਼ਰਾਰ ਹੋਈ 21 ਸਾਲਾ ਲੜਕੀ ਅਮਰੀਕਾ ਦੇ ਕੰਸਾਸ ਵਿੱਚ ਦੋ ਮੋਟਲ ਚਲਾਉਂਦੀ ਹੈ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਤਾਂ ਇੱਕ ਵਕੀਲ ਨੇ ਉਨ੍ਹਾਂ ਨੂੰ ਬਾਰਡੋਲੀ ਨੇੜੇ ਇੱਕ ਪਿੰਡ ਵਿੱਚ ਰਜਿਸਟਰਡ ਮੈਰਿਜ ਸਰਟੀਫਿਕੇਟ ਪੇਸ਼ ਕਰਕੇ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ। 

ਸਰਟੀਫਿਕੇਟ ਫ਼ਰਾਰ ਹੋਈ ਲੜਕੀ ਅਤੇ ਇੱਕ 24 ਸਾਲਾਂ ਦੇ ਵਿਅਕਤੀ ਦੇ ਵਿਆਹ ਨਾਲ ਸੰਬੰਧਿਤ ਹੈ। ਇਸ ਨੂੰ ਤਲਾਟੀ ਦੇ ਦਫ਼ਤਰ ਵਿੱਚ ਦਰਜ ਕਰਵਾਇਆ ਗਿਆ ਸੀ। ਬਾਰਡੋਲੀ ਦਾ ਰਹਿਣ ਵਾਲਾ ਇਹ ਵਿਅਕਤੀ ਇੱਕ ਸਹਿਕਾਰੀ ਸਭਾ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਲੜਕੀ ਨੇ ਹਾਲੇ ਤੱਕ ਆਪਣੇ ਪਰਿਵਾਰ ਜਾਂ ਪੁਲਿਸ ਨਾਲ ਸੰਪਰਕ ਨਹੀਂ ਕੀਤਾ।

ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਪੈਦਾ ਹੋਈ ਲੜਕੀ ਆਪਣੇ ਪਰਿਵਾਰ ਸਮੇਤ ਅਮਰੀਕਾ ਚਲੀ ਗਈ ਸੀ ਅਤੇ ਉਹ ਇੱਕ ਦਹਾਕੇ ਤੋਂ ਉੱਥੋਂ ਦੀ ਨਾਗਰਿਕ ਹੈ।

ਉਸ ਦੇ ਪਿਤਾ ਦੇ ਪੰਜ ਮੋਟਲ ਹਨ ਜਿਨ੍ਹਾਂ ਵਿੱਚੋਂ ਦੋ ਉਹ ਚਲਾਉਂਦੀ ਹੈ। ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਨਹੀਂ ਆਈ ਸੀ, ਪਰ ਉਸ ਵਿਅਕਤੀ ਦੇ ਸੰਪਰਕ 'ਚ ਉਹ ਫ਼ੇਸਬੁੱਕ ਰਾਹੀਂ ਆਈ ਸੀ।

ਉਸ ਦੇ ਮਾਤਾ-ਪਿਤਾ ਪਹਿਲਾਂ 2018 ਵਿੱਚ ਵੀ ਭਾਰਤ ਆਏ ਸੀ, ਪਰ ਉਹ ਉਦੋਂ ਨਹੀਂ ਆਈ ਸੀ। ਹਾਲਾਂਕਿ, ਉਹ ਉਸ ਵਿਅਕਤੀ ਦੇ ਸੰਪਰਕ ਵਿੱਚ ਸੀ। ਇਹ ਪਰਿਵਾਰ 15 ਦਿਨ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਆਇਆ ਸੀ ਅਤੇ ਇਸ ਵਾਰ ਲੜਕੀ ਵੀ ਉਨ੍ਹਾਂ ਨਾਲ ਆ ਗਈ। ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਝ ਦੱਸੇ ਬਿਨਾਂ ਉਹ ਐਤਵਾਰ ਨੂੰ ਗਾਇਬ ਹੋ ਗਈ।