Sanjay Singh News: ਜੇਲ 'ਚ ਬੰਦ ਸੰਜੇ ਸਿੰਘ ਨੂੰ ਮੁੜ ਰਾਜ ਸਭਾ ਭੇਜੇਗੀ AAP; ਨਾਮਜ਼ਦਗੀ ਦੀ ਮਿਲੀ ਇਜਾਜ਼ਤ
ਅਰਜ਼ੀ ਵਿਚ ਸੰਜੇ ਸਿੰਘ ਨੇ ਕਿਹਾ ਕਿ ਇਸ ਲਈ ਨਾਮਜ਼ਦਗੀ ਪੱਤਰ 9 ਜਨਵਰੀ ਤਕ ਦਾਖਲ ਕੀਤੇ ਜਾਣੇ ਹਨ।
Sanjay Singh News: ਦਿੱਲੀ ਦੀ ਇਕ ਅਦਾਲਤ ਨੇ ਕਥਿਤ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਰਾਜ ਸਭਾ ਲਈ ਮੁੜ ਨਾਮਜ਼ਦਗੀ ਫਾਰਮਾਂ ਅਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਦੀ ਇਜਾਜ਼ਤ ਦੇ ਦਿਤੀ ਹੈ।
ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਨੇ ਇਹ ਹੁਕਮ ਸੰਜੇ ਸਿੰਘ ਵਲੋਂ ਦਾਇਰ ਉਸ ਅਰਜ਼ੀ 'ਤੇ ਦਿਤਾ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਮੌਜੂਦਾ ਕਾਰਜਕਾਲ 27 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ ਅਤੇ ਰਿਟਰਨਿੰਗ ਅਫ਼ਸਰ ਨੇ 2 ਜਨਵਰੀ ਨੂੰ ਚੋਣਾਂ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਸੀ। ਅਰਜ਼ੀ ਵਿਚ ਸੰਜੇ ਸਿੰਘ ਨੇ ਕਿਹਾ ਕਿ ਇਸ ਲਈ ਨਾਮਜ਼ਦਗੀ ਪੱਤਰ 9 ਜਨਵਰੀ ਤਕ ਦਾਖਲ ਕੀਤੇ ਜਾਣੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਰਜ਼ੀ ਵਿਚ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ ਕਿ ਉਹ ਸੰਜੇ ਸਿੰਘ ਨੂੰ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਦੀ ਇਜਾਜ਼ਤ ਦੇਣ। ਜੱਜ ਨੇ ਹੁਕਮ ਜਾਰੀ ਕਰਦਿਆਂ ਕਿਹਾ, “ਇਹ ਨਿਰਦੇਸ਼ ਦਿਤਾ ਗਿਆ ਹੈ ਕਿ ਜੇ 6 ਜਨਵਰੀ, 2024 ਨੂੰ ਜੇਲ ਅਧਿਕਾਰੀਆਂ ਦੇ ਸਾਹਮਣੇ ਮੁਲਜ਼ਮ ਦੇ ਵਕੀਲ ਦੁਆਰਾ ਦਸਤਾਵੇਜ਼ ਪੇਸ਼ ਕੀਤੇ ਜਾਂਦੇ ਹਨ, ਤਾਂ ਜੇਲ ਸੁਪਰਡੈਂਟ ਇਹ ਯਕੀਨੀ ਬਣਾਏਗਾ ਕਿ ਉਕਤ ਦਸਤਾਵੇਜ਼ਾਂ ਦੀ ਦੋਸ਼ੀ ਦੁਆਰਾ ਤਸਦੀਕ ਕੀਤੀ ਗਈ ਹੈ”।
ਅਦਾਲਤ ਨੇ ਕਿਹਾ, “ਉਕਤ ਨਾਮਜ਼ਦਗੀ ਦਾਇਰ ਕਰਨ ਦੇ ਢੰਗਾਂ ਬਾਰੇ ਵਿਚਾਰ ਵਟਾਂਦਰੇ ਲਈ ਅੱਧੇ ਘੰਟੇ ਲਈ ਅਪਣੇ ਵਕੀਲ ਨਾਲ ਮੁਲਾਕਾਤ ਕਰਨ ਦੀ ਵੀ ਇਜਾਜ਼ਤ ਹੈ।” ਇਨਫੋਰਸਮੈਂਟ ਡਾਇਰੈਕਟੋਰੇਟ ਨੇ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਈਡੀ ਨੇ ਇਲਜ਼ਾਮ ਲਗਾਇਆ ਹੈ ਕਿ ਸੰਜੇ ਸਿੰਘ ਨੇ ਹੁਣ ਬੰਦ ਹੋ ਚੁੱਕੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਮੁੱਖ ਭੂਮਿਕਾ ਨਿਭਾਈ, ਜਿਸ ਨਾਲ ਕੁੱਝ ਸ਼ਰਾਬ ਨਿਰਮਾਤਾਵਾਂ, ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਵਿੱਤੀ ਲਾਭ ਹੋਇਆ। ਸੰਜੇ ਸਿੰਘ ਇਸ ਦਾਅਵੇ ਦਾ ਪੁਰਜ਼ੋਰ ਖੰਡਨ ਕਰਦੇ ਰਹੇ ਹਨ।
ਇਸ ਸਾਲ ਰਾਜ ਸਭਾ ਤੋਂ 68 ਮੈਂਬਰ ਹੋਣਗੇ ਸੇਵਾਮੁਕਤ
ਨੌਂ ਕੇਂਦਰੀ ਮੰਤਰੀਆਂ ਸਮੇਤ ਰਾਜ ਸਭਾ ਦੇ 68 ਮੈਂਬਰਾਂ ਦਾ ਕਾਰਜਕਾਲ ਇਸ ਸਾਲ ਪੂਰਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਸੰਸਦ ਦੇ ਉਪਰਲੇ ਸਦਨ ਵਿਚ ਛੇ ਸਾਲ ਦੇ ਕਾਰਜਕਾਲ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਨ੍ਹਾਂ 68 ਅਸਾਮੀਆਂ ਵਿਚੋਂ ਦਿੱਲੀ ਦੀਆਂ ਤਿੰਨ ਸੀਟਾਂ ਲਈ ਪਹਿਲਾਂ ਹੀ ਚੋਣਾਂ ਦਾ ਐਲਾਨ ਹੋ ਚੁਕਾ ਹੈ। ਆਮ ਆਦਮੀ ਪਾਰਟੀ (ਆਪ) ਦੇ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਅਤੇ ਸੁਸ਼ੀਲ ਕੁਮਾਰ ਗੁਪਤਾ ਦਾ ਕਾਰਜਕਾਲ 27 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ।
ਸਿੱਕਮ ਦੀ ਇਕਲੌਤੀ ਰਾਜ ਸਭਾ ਸੀਟ ਲਈ ਵੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਜਿਥੇ ਸਿੱਕਮ ਡੈਮੋਕਰੇਟਿਕ ਫ਼ਰੰਟ ਦੇ ਮੈਂਬਰ ਹਿਸੇ ਲਾਚੁੰਗਪਾ 23 ਫ਼ਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਰੇਲ ਮੰਤਰੀ ਅਸ਼ਵਨੀ ਵੈਸਨਵ, ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ, ਵਾਤਾਵਰਣ ਮੰਤਰੀ ਭੂਪੇਂਦਰ ਯਾਦਵ, ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ 57 ਨੇਤਾਵਾਂ ਦਾ ਕਾਰਜਕਾਲ ਅਪ੍ਰੈਲ ਮਹੀਨੇ ਵਿਚ ਪੂਰਾ ਹੋ ਰਿਹਾ ਹੈ।
(For more Punjabi news apart from Sanjay Singh allowed to sign Rajya Sabha re-nomination papers from jail, stay tuned to Rozana Spokesman)