Rajya Sabha: ਸੰਸਦ ਦੀ ਸੁਰੱਖਿਆ ਕੁਤਾਹੀ ਨੂੰ ਲੈ ਕੇ ਰਾਜ ਸਭਾ ਵਿਚ ਹੰਗਾਮਾ; TMC ਦੇ ਡੇਰੇਕ ਓ ਬ੍ਰਾਇਨ ਪੂਰੇ ਇਜਲਾਸ ਲਈ ਮੁਅੱਤਲ
ਚੇਅਰਮੈਨ ਵਲੋਂ ਜਦੋਂ ਕਿਸੇ ਮੈਂਬਰ ਦਾ ਨਾਂਅ ਲਿਆ ਜਾਂਦਾ ਹੈ, ਤਾਂ ਇਸ ਦਾ ਅਰਥ ਹੈ ਕਿ ਮੈਂਬਰ ਦੀ ਮੁਅੱਤਲੀ ਦੀ ਕਾਰਵਾਈ ਦੀ ਸ਼ੁਰੂਆਤ ਹੋ ਰਹੀ ਹੈ।
Rajya Sabha: ਵਿਰੋਧੀ ਧਿਰ ਦੇ ਮੈਂਬਰਾਂ ਨੇ ਸੰਸਦ ਦੀ ਸੁਰੱਖਿਆ 'ਚ ਕੁਤਾਹੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ 'ਚ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਡੇਰੇਕ ਓ ਬ੍ਰਾਇਨ ਨੂੰ 'ਅਣਇੱਛਤ ਵਿਵਹਾਰ' ਲਈ ਮੌਜੂਦਾ ਸੰਸਦ ਸੈਸ਼ਨ ਦੀ ਬਾਕੀ ਮਿਆਦ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿਤਾ ਗਿਆ। ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਜਿਵੇਂ ਹੀ ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਓ ਬ੍ਰਾਇਨ ਦਾ ਨਾਂਅ ਲੈ ਕੇ ਉਨ੍ਹਾਂ ਦੀ ਮੁਅੱਤਲੀ ਦੀ ਕਾਰਵਾਈ ਸ਼ੁਰੂ ਕਰ ਦਿਤੀ।
ਚੇਅਰਮੈਨ ਵਲੋਂ ਜਦੋਂ ਕਿਸੇ ਮੈਂਬਰ ਦਾ ਨਾਂਅ ਲਿਆ ਜਾਂਦਾ ਹੈ, ਤਾਂ ਇਸ ਦਾ ਅਰਥ ਹੈ ਕਿ ਮੈਂਬਰ ਦੀ ਮੁਅੱਤਲੀ ਦੀ ਕਾਰਵਾਈ ਦੀ ਸ਼ੁਰੂਆਤ ਹੋ ਰਹੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕੋਈ ਮੈਂਬਰ ਸਦਨ ਦੇ ਕੰਮ ਵਿਚ ਲਗਾਤਾਰ ਅਤੇ ਜਾਣਬੁੱਝ ਕੇ ਰੁਕਾਵਟ ਪਾ ਕੇ ਪ੍ਰਧਾਨਗੀ ਦੇ ਅਧਿਕਾਰ ਦਾ ਨਿਰਾਦਰ ਕਰਦਾ ਹੈ ਜਾਂ ਸਦਨ ਦੇ ਨਿਯਮਾਂ ਦੀ ਦੁਰਵਰਤੋਂ ਕਰਦਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦਰਮਿਆਨ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਇਸ ਸਬੰਧੀ ਮਤਾ ਪੇਸ਼ ਕੀਤਾ, ਜਿਸ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿਤਾ ਗਿਆ।
ਧਨਖੜ ਨੇ ਫਿਰ ਘੋਸ਼ਣਾ ਕੀਤੀ, "ਡੇਰੇਕ ਓ' ਬ੍ਰਾਇਨ ਨੂੰ ਇਸ ਸੀਜ਼ਨ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ ਹੈ।" ਇਸ ਐਲਾਨ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਮੰਚ ਦੇ ਨੇੜੇ ਆ ਗਏ ਅਤੇ 'ਤਾਨਾਸ਼ਾਹੀ ਨਹੀਂ ਚੱਲੇਗੀ' ਅਤੇ 'ਡੈਰੇਕ ਦੀ ਮੁਅੱਤਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ' ਵਰਗੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। ਹੰਗਾਮੇ ਦੌਰਾਨ ਚੇਅਰਮੈਨ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਨਾਅਰੇਬਾਜ਼ੀ ਜਾਰੀ ਰਹੀ। ਇਸ ਲਈ ਚੇਅਰਮੈਨ ਨੇ ਦੁਪਹਿਰ 12.05 ਵਜੇ ਸਦਨ ਦੀ ਕਾਰਵਾਈ 2 ਵਜੇ ਤਕ ਮੁਲਤਵੀ ਕਰ ਦਿਤੀ।
ਇਸ ਤੋਂ ਪਹਿਲਾਂ ਜਦੋਂ ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਬੁਧਵਾਰ ਨੂੰ ਸੰਸਦ 'ਤੇ ਅਤਿਵਾਦੀ ਹਮਲੇ ਦੀ ਬਰਸੀ ਮੌਕੇ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਵਿਰੋਧੀ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ। ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਤਹਿਤ 28 ਨੋਟਿਸ ਮਿਲੇ ਹਨ ਪਰ ਇਹ ਮਨਜ਼ੂਰ ਨਹੀਂ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਸਿਫ਼ਰ ਕਾਲ ਸ਼ੁਰੂ ਕਰ ਦਿਤਾ।
ਇਸ ਦੌਰਾਨ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਹੰਗਾਮਾ ਕਰ ਰਹੇ ਕੁੱਝ ਮੈਂਬਰ ਚੇਅਰ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਵਿਰੋਧੀ ਧਿਰ ਦੇ ਮੈਂਬਰ ‘ਗ੍ਰਹਿ ਮੰਤਰੀ ਸਦਨ ਵਿਚ ਆਉ, ਸਦਨ ਵਿਚ ਆ ਕੇ ਜਵਾਬ ਦਿਉ’ ਦੇ ਨਾਅਰੇ ਲਗਾ ਰਹੇ ਸਨ।
(For more news apart from TMC's Derek O'Brien suspended from Rajya Sabha, stay tuned to Rozana Spokesman)