ਖ਼ੁਦ ਨੂੰ ਮੁਸਲਿਮ ਔਰਤਾਂ ਦਾ ਭਰਾ ਦੱਸਣ ਵਾਲੇ ਮੋਦੀ ਉਨ੍ਹਾਂ ਤੋਂ ਡਰੇ ਹੋਏ ਕਿਉਂ ਹਨ? : ਓਵੈਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਸਦਿਆਂ ਕਿਹਾ ਕਿ ਖ਼ੁਦ ਨੂੰ ਮੁਸਲਿਮ ਔਰਤਾਂ ਦਾ ਭਰਾ ਦੱਸਣ ਵਾਲੇ ਮੋਦੀ ਹੁਣ ਉਨ੍ਹਾਂ ਤੋਂ ਡਰੇ ਹੋਏ ਕਿਉਂ ਹਨ?

Photo

ਨਵੀਂ ਦਿੱਲੀ : ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁਧ ਕਈ ਥਾਵਾਂ 'ਤੇ ਹੋ ਰਹੇ ਪ੍ਰਦਰਸ਼ਨਾਂ ਸਬੰਧੀ ਏਆਈਐਮਆਈਐਮ ਆਗੂ ਅਸਦੂਦੀਨ ਓਵੈਸੀ ਨੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਸਦਿਆਂ ਕਿਹਾ ਕਿ ਖ਼ੁਦ ਨੂੰ ਮੁਸਲਿਮ ਔਰਤਾਂ ਦਾ ਭਰਾ ਦੱਸਣ ਵਾਲੇ ਮੋਦੀ ਹੁਣ ਉਨ੍ਹਾਂ ਤੋਂ ਡਰੇ ਹੋਏ ਕਿਉਂ ਹਨ?

ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ਬਾਰੇ ਧਨਵਾਦ ਮਤੇ 'ਤੇ ਚਰਚਾ ਵਿਚ ਹਿੱਸਾ ਲੈਂਦਿਆਂ ਓਵੈਸੀ ਨੇ ਕੌਮੀ ਨਾਗਰਿਕ ਪੰਜੀਕਰਨ ਲਿਆਉਣ ਸਬੰਧੀ ਕੋਈ ਫ਼ੈਸਲਾ ਨਾ ਹੋਣ ਨਾਲ ਜੁੜੇ ਸਰਕਾਰ ਦੇ ਬਿਆਨ ਦਾ ਹਵਾਲਾ ਦਿਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚੁਨੌਤੀ ਹੈ ਕਿ ਉਹ ਸਦਨ ਵਿਚ ਆ ਕੇ ਜਵਾਬ ਦੇਣ ਕਿ ਕੀ ਐਨਪੀਅਰ ਅਤੇ ਐਨਆਰਸੀ ਨਾਲ ਜੁੜੇ ਹਨ ਜਾਂ ਨਹੀਂ।

ਉਨ੍ਹਾਂ ਇਹ ਵੀ ਪੁਛਿਆ ਕਿ ਕੀ ਸਰਕਾਰ ਐਨਆਰਸੀ ਲਿਆਏਗੀ ਜਾਂ ਨਹੀਂ? ਭਾਜਪਾ ਮੈਂਬਰਾਂ ਦੀ ਟੋਕਾਟਾਕੀ ਨੂੰ ਨਜ਼ਰਅੰਦਾਜ਼ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਦੇ ਕਾਰਜਕਾਲ ਵਿਚ 1933 ਦੇ ਜਰਮਨ ਜਿਹੇ ਹਾਲਾਤ ਬਣ ਗਏ ਹਨ। ਹੈਦਰਾਬਾਦ ਦੇ ਸੰਸਦ ਮੈਂਬਰ ਨੇ ਕਿਹਾ ਕਿ ਸੀਏਏ ਦਾ ਵਿਰੋਧ ਕਰ ਰਹੇ ਲੋਕ ਅਪਣੇ ਵਜੂਦ ਦੀ ਲੜਾਈ ਲੜ ਰਹੇ ਹਨ।

ਉਨ੍ਹਾਂ ਕਿਹਾ ਕਿ ਜਦ ਮੁਸਲਿਮ ਔਰਤਾਂ ਧਰਨੇ 'ਤੇ ਬੈਠੀਆਂ ਹਨ ਤਾਂ ਮੋਦੀ ਜੀ ਨੂੰ ਉਨ੍ਹਾਂ ਕੋਲੋਂ ਡਰ ਕਿਉਂ ਲਗਦਾ ਹੈ? ਓਵੈਸੀ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ, 'ਮੈਨੂੰ ਗੋਲੀ ਮਾਰੋ।' ਇਸ 'ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਹੋਰ ਭਾਜਪਾ ਆਗੂਆਂ ਨੇ ਇਤਰਾਜ਼ ਪ੍ਰਗਟ ਕੀਤਾ ਤਾਂ ਸਦਨ ਵਿਚ ਕੁਰਸੀ 'ਤੇ ਬਿਰਾਜਮਾਨ ਸਭਾਪਤੀ ਬੀ ਮਹਿਤਾਬ ਨੇ ਕਿਹਾ ਕਿ ਜੇ ਕੋਈ ਇਤਰਾਜ਼ਯੋਗ ਗੱਲ ਹੋਵੇਗੀ ਤਾਂ ਹਟਾ ਦਿਤੀ ਜਾਵੇਗੀ।

ਓਵੈਸੀ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਵਿਚ ਨਾਕਾਮੀ ਦਾ ਆਲਮ ਇਹ ਹੈ ਕਿ ਹੁਣ ਨੋਪਾਲ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰ ਰਿਹਾ ਹੈ ਅਤੇ ਅਮਰੀਕੀ ਸੈਨੇਟ ਅਤੇ ਯੂਰਪੀ ਸੰਘ ਵਿਚ ਭਾਰਤ ਸਬੰਧੀ ਟਿਪਣੀ ਕੀਤੀ ਜਾ ਰਹੀ ਹੈ।