ਭਾਜਪਾ ਵੱਲੋਂ 'ਆਪ' ਨੂੰ ਹਰਾਉਣ ਲਈ ਹੁਣ 'ਰਾਮ' ਦਾ ਸਹਾਰਾ! ਖੇਡਿਆ ਨਵਾਂ ਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਤਿੰਨ ਦਿਨ ਪਹਿਲਾਂ ਅਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਤੀਹ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂ ਦਾਅ ਖੇਡਿਆ ਹੈ।

Photo

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਤਿੰਨ ਦਿਨ ਪਹਿਲਾਂ ਅਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਤੀਹ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂ ਦਾਅ ਖੇਡਿਆ ਹੈ। ਉਹਨਾਂ ਨੇ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਬੁੱਧਵਾਰ (05 ਫਰਵਰੀ) ਨੂੰ ਲੋਕ ਸਭਾ ਵਿਚ ਸ੍ਰੀ ਰਾਮ ਮੰਦਰ ਟਰੱਸਟ ਬਣਾਉਣ ਦਾ ਐਲ਼ਾਨ ਕੀਤਾ ਹੈ।

ਇਸ ਟਰੱਸਟ ਵਿਚ 15 ਮੈਂਬਰ ਹੋਣਗੇ। ਪੀਐਮ ਦੇ ਐਲਾਨ ਦੇ ਨਾਲ ਹੀ ਸੰਸਦ ਮੈਂਬਰਾਂ ਨੇ ਲੋਕ ਸਭਾ ਵਿਚ ਜੈ ਸ੍ਰੀ ਰਾਮ ਦੇ ਨਾਅਰੇ ਲਗਾਏ। ਹਾਲਾਂਕਿ ਦਿੱਲੀ ਚੋਣਾਂ ਤੋਂ ਠੀਕ ਤਿੰਨ ਦਿਨ ਪਹਿਲਾਂ ਪੀਐਮ ਮੋਦੀ ਦੇ ਇਸ ਐਲਾਨ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਨਿਸ਼ਾਨਾ ਵਿੰਨਿਆ ਹੈ। ਐਲਾਨ ਮੁਤਾਬਕ ਇਸ ਟਰੱਸਟ ਦਾ ਨਾਂਅ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਹੋਵੇਗਾ।

ਪੀਐਮ ਨੇ ਕਿਹਾ, ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਦੇ ਗਠਨ ਦਾ ਮਤਾ ਪਾਸ ਕੀਤਾ ਗਿਆ। ਇਹ ਟਰੱਸਟ ਅਯੁੱਧਿਆ ਵਿਚ ਭਗਵਾਨ ਰਾਮ ਮੰਦਿਰ ਦੇ ਨਿਰਮਾਣ ਅਤੇ ਉਸ ਨਾਲ ਸਬੰਧਤ ਵਿਸ਼ਿਆਂ ‘ਤੇ ਫੈਸਲਾ ਲੈਣ ਲਈ ਪੂਰੀ ਤਰ੍ਹਾਂ ਅਜ਼ਾਦ ਹੋਵੇਗਾ। ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਨੇ ਅਯੁੱਧਿਆ ਕਾਨੂੰਨ ਦੇ ਤਹਿਤ 67.70 ਏਕੜ ਜ਼ਮੀਨ ਰਾਮ ਜਨਮ ਭੂਮੀ ਤੀਰਥ ਖੇਤਰ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

ਪੀਐਮ ਵੱਲੋਂ ਕਿਹਾ ਗਿਆ ਹੈ ਕਿ ਮੰਦਿਰ ਨਿਰਮਾਣ ਲਈ ਮੈਕਰੋ ਯੋਜਨਾ ਤਿਆਰ ਕੀਤੀ ਗਈ ਹੈ। ਉਹਨਾਂ ਨੇ ਸਭ ਦਾ ਸਾਥ ਸਭ ਦਾ ਵਿਸ਼ਵਾਸ ਦੀ ਗੱਲ ਦੁਹਰਾਉਂਦੇ ਹੋਏ ਮੁਸਲਿਮ ਪੱਖ ਨੂੰ ਵੀ ਕੋਰਟ ਦੇ ਅਦੇਸ਼ ਮੁਤਾਬਕ ਪੰਜ ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਪੀਐਮ ਦੇ ਐਲਾਨ ਤੋਂ ਬਾਅਦ ਇਸ ‘ਤੇ ਸਿਆਸੀ ਜੰਗ ਤੇਜ਼ ਹੋ ਗਈ ਹੈ।

ਕਾਂਗਰਸ ਨੇ ਪੀਐਮ ਦੇ ਐਲਾਨ ਦੇ ਸਮੇਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦੇ ਪੀਐਲ ਪੁਨੀਆ ਨੇ ਕਿਹਾ ਕਿ ਇਸ ਦਾ ਐਲਾਨ ਕਰਨ ਵਿਚ ਸਰਕਾਰ ਨੂੰ ਤਿੰਨ ਮਹੀਨੇ ਕਿਉਂ ਲੱਗੇ? ਅਤੇ ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਟਰੱਸਟ ਦਾ ਐਲਾਨ ਕਿਉਂ ਕੀਤਾ ਗਿਆ? ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਵਿਚ 70 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਵੀਰਵਾਰ ਯਾਨੀ 6 ਫਰਵਰੀ ਨੂੰ ਚੋਣ ਪ੍ਰਚਾਰ ਖਤਮ ਹੋਣ ਵਾਲਾ ਹੈ।

2015 ਦੀਆਂ ਚੋਣਾਂ ਵਿਚ ਭਾਜਪਾ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਸੀ। ਇਸ ਵਾਰ ਭਾਜਪਾ ਨੇ ਦਿੱਲੀ ਫਹਿਤ ਕਰਨ ਲਈ ਮਿਸ਼ਨ 52 ਦਾ ਟੀਚਾ ਰੱਖਿਆ ਹੈ। ਪੀਐਮ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਸਾਬਕਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕੇਂਦਰੀ ਮੰਤਰੀ ਪਰੀਸ਼ਦ ਦੇ ਕਈ ਮੰਤਰੀ, ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ 200 ਤੋਂ ਜ਼ਿਆਦਾ ਸੰਸਦ ਮੈਂਬਰ ਦਿੱਲੀ ਦੀਆਂ ਗਲੀਆਂ ਵਿਚ ਚੋਣ ਪ੍ਰਚਾਰ ਕਰ ਰਹੇ ਹਨ।

ਕਈ ਆਗੂ ਅਪਣੀਆਂ ਚੋਣ ਰੈਲੀਆਂ ਵਿਚ ਸ਼ਾਹੀਨ ਬਾਗ ਦਾ ਮੁੱਦਾ ਚੁੱਕ ਰਹੇ ਹਨ। ਆਖਰੀ ਪੜਾਅ ਵਿਚ ਪੀਐਮ ਮੋਦੀ ਵੱਲੋਂ ਰਾਮ ਮੰਦਰ ਨਿਰਮਾਣ ਲਈ ਟਰੱਸਟ ਦੇ ਐਲਾਨ ਨੂੰ ਚੋਣਾਂ ਵਿਚ ਹਿੰਦੂ ਵੋਟਰਾਂ ਦੇ ਧਰੂਵੀਕਰਨ ਲਈ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦਿੱਲੀ ਵਿਚ ਭਾਜਪਾ ਦੀ ਜਿੱਤ ਫਿਰ ਤੋਂ ‘ਰਾਮ’ ਭਰੋਸੇ ਹੋ ਗਈ ਹੈ।