ਮਾਉਵਾਦੀ ਸਬੰਧ ਮਾਮਲਾ : ਹਾਈ ਕੋਰਟ ਨੇ ਦਿੱਲੀ ’ਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਨੂੰ ਬਰੀ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰੀ ਵਕੀਲ ਵਾਜਬ ਸ਼ੱਕ ਤੋਂ ਪਰੇ ਉਨ੍ਹਾਂ ਵਿਰੁਧ ਕੇਸ ਸਾਬਤ ਕਰਨ ’ਚ ਅਸਫਲ ਰਹੇ : ਅਦਾਲਤ

Prof. Saibaba with his wife Vasantha Kumari.

ਨਾਗਪੁਰ: ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਮੰਗਲਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਨੂੰ ਮਾਉਵਾਦੀ ਸਬੰਧਾਂ ਦੇ ਮਾਮਲੇ ’ਚ ਬਰੀ ਕਰ ਦਿਤਾ। ਅਦਾਲਤ ਨੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਰੱਦ ਕਰ ਦਿਤੀ। ਜਸਟਿਸ ਵਿਨੈ ਜੋਸ਼ੀ ਅਤੇ ਜਸਟਿਸ ਵਾਲਮੀਕਿ ਐਸ.ਏ. ਮੇਨੇਜੇਸ ਬੈਂਚ ਨੇ ਇਸ ਮਾਮਲੇ ’ਚ ਪੰਜ ਹੋਰ ਮੁਲਜ਼ਮਾਂ ਨੂੰ ਵੀ ਬਰੀ ਕਰ ਦਿਤਾ। 

ਬੈਂਚ ਨੇ ਕਿਹਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਰਹੀ ਹੈ ਕਿਉਂਕਿ ਸਰਕਾਰੀ ਵਕੀਲ ਵਾਜਬ ਸ਼ੱਕ ਤੋਂ ਪਰੇ ਉਨ੍ਹਾਂ ਵਿਰੁਧ ਕੇਸ ਸਾਬਤ ਕਰਨ ’ਚ ਅਸਫਲ ਰਹੇ। ਅਦਾਲਤ ਨੇ ਕਿਹਾ ਕਿ ਸਰਕਾਰੀ ਵਕੀਲ ਦੋਸ਼ੀਆਂ ਵਿਰੁਧ  ਕੋਈ ਕਾਨੂੰਨੀ ਸਬੂਤ ਜਾਂ ਅਪਰਾਧਕ  ਸਮੱਗਰੀ ਪੇਸ਼ ਕਰਨ ’ਚ ਅਸਫਲ ਰਿਹਾ ਹੈ। ਬੈਂਚ ਨੇ ਕਿਹਾ, ‘‘ਹੇਠਲੀ ਅਦਾਲਤ ਦਾ ਫੈਸਲਾ ਕਾਨੂੰਨ ਦੀ ਕਸੌਟੀ ’ਤੇ  ਖਰਾ ਨਹੀਂ ਉਤਰਦਾ ਅਤੇ ਇਸ ਲਈ ਅਸੀਂ ਇਸ ਫੈਸਲੇ ਨੂੰ ਰੱਦ ਕਰਦੇ ਹਾਂ। ਸਾਰੇ ਦੋਸ਼ੀ ਬਰੀ ਹੋ ਗਏ ਹਨ।’’

ਅਦਾਲਤ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਲਈ ਸਰਕਾਰੀ ਵਕੀਲ ਵਲੋਂ  ਮਿਲੀ ਮਨਜ਼ੂਰੀ ਨੂੰ ਵੀ ਰੱਦ ਕਰਾਰ ਦਿਤਾ। ਹਾਲਾਂਕਿ, ਬਾਅਦ ’ਚ ਸਰਕਾਰੀ ਵਕੀਲ ਨੇ ਜ਼ੁਬਾਨੀ ਤੌਰ ’ਤੇ  ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਅਪਣੇ  ਹੁਕਮ ’ਤੇ  ਛੇ ਹਫ਼ਤਿਆਂ ਲਈ ਰੋਕ ਲਗਾਵੇ ਤਾਂ ਜੋ ਉਹ ਸੁਪਰੀਮ ਕੋਰਟ ’ਚ ਅਪੀਲ ਦਾਇਰ ਕਰ ਸਕੇ। ਇਸ ਤੋਂ ਬਾਅਦ ਬੈਂਚ ਨੇ ਸਰਕਾਰੀ ਵਕੀਲ ਨੂੰ ਰੋਕ ਦੀ ਮੰਗ ਕਰਦਿਆਂ ਅਰਜ਼ੀ ਦਾਇਰ ਕਰਨ ਦਾ ਹੁਕਮ ਦਿਤਾ। 

ਹਾਈ ਕੋਰਟ ਦੇ ਇਕ ਹੋਰ ਬੈਂਚ ਨੇ 14 ਅਕਤੂਬਰ, 2022 ਨੂੰ ਸਾਈਬਾਬਾ ਨੂੰ ਇਸ ਤੱਥ ਦਾ ਨੋਟਿਸ ਲੈਂਦੇ ਹੋਏ ਬਰੀ ਕਰ ਦਿਤਾ ਸੀ ਕਿ ਯੂ.ਏ.ਪੀ.ਏ.  ਦੇ ਤਹਿਤ ਜਾਇਜ਼ ਮਨਜ਼ੂਰੀ ਦੀ ਅਣਹੋਂਦ ਕਾਰਨ ਮੁਕੱਦਮੇ ਦੀ ਕਾਰਵਾਈ ‘ਰੱਦ’ ਸੀ। ਮਹਾਰਾਸ਼ਟਰ ਸਰਕਾਰ ਨੇ ਉਸੇ ਦਿਨ ਇਸ ਫੈਸਲੇ ਨੂੰ ਚੁਨੌਤੀ  ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। 

ਸੁਪਰੀਮ ਕੋਰਟ ਨੇ ਸ਼ੁਰੂ ’ਚ ਹੁਕਮ ’ਤੇ  ਰੋਕ ਲਗਾ ਦਿਤੀ  ਅਤੇ ਬਾਅਦ ’ਚ ਅਪ੍ਰੈਲ 2023 ’ਚ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿਤਾ ਅਤੇ ਸਾਈਬਾਬਾ ਵਲੋਂ  ਦਾਇਰ ਅਪੀਲ ’ਤੇ  ਨਵੇਂ ਸਿਰੇ ਤੋਂ ਸੁਣਵਾਈ ਕਰਨ ਦਾ ਹੁਕਮ ਦਿਤਾ। ਅਪਣੀ ਸਰੀਰਕ ਅਸਮਰੱਥਾ ਕਾਰਨ 54 ਸਾਲ ਦੇ ਸਾਈਬਾਬਾ ਵ੍ਹੀਲਚੇਅਰ ’ਤੇ ਰਹਿੰਦੇ ਹਨ ਅਤੇ ਉਹ 2014 ’ਚ ਇਸ ਮਾਮਲੇ ’ਚ ਗ੍ਰਿਫਤਾਰੀ ਤੋਂ ਬਾਅਦ ਨਾਗਪੁਰ ਕੇਂਦਰੀ ਜੇਲ੍ਹ ’ਚ ਬੰਦ ਹਨ।

ਸਾਲ 2017 ’ਚ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਇਕ ਸੈਸ਼ਨ ਅਦਾਲਤ ਨੇ ਸਾਈਬਾਬਾ, ਇਕ ਪੱਤਰਕਾਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਵਿਦਿਆਰਥੀ ਸਮੇਤ ਪੰਜ ਹੋਰਾਂ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਅਤੇ ਦੇਸ਼ ਵਿਰੁਧ  ਜੰਗ ਛੇੜਨ ਦੀਆਂ ਗਤੀਵਿਧੀਆਂ ਲਈ ਦੋਸ਼ੀ ਠਹਿਰਾਇਆ ਸੀ। ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਯੂ.ਏ.ਪੀ.ਏ. ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ।

10 ਸਾਲ ਦੇ ਸੰਘਰਸ਼ ਤੋਂ ਬਾਅਦ ਇਨਸਾਫ ਮਿਲਿਆ : ਸਾਬਕਾ ਪ੍ਰੋਫ਼ੈਸਰ ਸਾਈਬਾਬਾ ਦੀ ਪਤਨੀ

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਦੀ ਪਤਨੀ ਵਸੰਤਾ ਕੁਮਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਮਾਉਵਾਦੀ ਮਾਮਲੇ ’ਚ ਬਰੀ ਹੋਣ ਮਗਰੋਂ 10 ਸਾਲ ਦੇ ਸੰਘਰਸ਼ ਤੋਂ ਬਾਅਦ ਇਨਸਾਫ ਮਿਲਿਆ ਹੈ। ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਸਾਈਬਾਬਾ ਨੂੰ ਬਰੀ ਕਰਦੇ ਹੋਏ ਕਿਹਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਰਹੀ ਹੈ ਕਿਉਂਕਿ ਸਰਕਾਰੀ ਵਕੀਲ ਉਨ੍ਹਾਂ ਵਿਰੁਧ ਅਪਣਾ ਕੇਸ ਸਾਬਤ ਕਰਨ ’ਚ ਅਸਫਲ ਰਿਹਾ ਹੈ। ਕੁਮਾਰੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਮਾਣ ਕਦੇ ਵੀ ਦਾਅ ’ਤੇ  ਨਹੀਂ ਸੀ ਕਿਉਂਕਿ ਜੋ ਲੋਕ ਉਨ੍ਹਾਂ ਨੂੰ ਜਾਣਦੇ ਸਨ ਉਹ ਉਨ੍ਹਾਂ ’ਤੇ ਯਕੀਨ ਕਰਦੇ ਸਨ। ਉਨ੍ਹਾਂ ਨੇ ਉਨ੍ਹਾਂ ਵਕੀਲਾਂ ਅਤੇ ਕਾਰਕੁੰਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਈਬਾਬਾ ਦੇ ਸੰਘਰਸ਼ ਦੌਰਾਨ ਉਨ੍ਹਾਂ ਦਾ ਸਮਰਥਨ ਕੀਤਾ।