ਵਿਰੋਧੀਆਂ ਤੋਂ ਜ਼ਿਆਦਾ ਅਪਣੇ ਹੀ ਘੇਰ ਰਹੇ ਹਨ 'ਆਪ' ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜਿਹੇ ਵਿਚ ਕੀ ਕਰੇਗੀ ਆਮ ਆਦਮੀ ਪਾਰਟੀ

Aam Aadmi Party

ਨਵੀਂ ਦਿੱਲੀ: ਆਮ ਆਦਮੀ ਪਾਰਟੀ ਅੱਜ ਕੱਲ੍ਹ ਆਪਣੇ ਹੀ ਆਗੂ ਤੋਂ ਪ੍ਰੇਸ਼ਾਨ ਚੱਲ ਰਹੀ ਹੈ।  ਦਿੱਲੀ ਵਿਚ ਵਿਧਾਨ ਸਭਾ ਵਿਚ ਭਾਰੀ ਬਹੁਮਤ ਨਾਲ ਜਿੱਤਣ ਵਾਲੀ ਆਮ ਆਦਮੀ ਪਾਰਟੀ ਵਿਚ ਬਾਗੀ ਪਾਰਟੀ ਆਗੂਆਂ ਨਾਲ ਘਿਰਦੀ ਨਜ਼ਰ ਆ ਰਹੀ ਹੈ। ਪਾਰਟੀ ਦੇ ਚੋਣ ਨਿਸ਼ਾਨ ਉਤੇ ਜਿੱਤਣ ਵਾਲੇ ਪਾਰਟੀ ਨੂੰ ਹੀ ਘੇਰ ਰਹੇ ਹਨ। ਅਜਿਹਾ ਵਿਧਾਇਕਾਂ ਖਿਲਾਫ ਪਾਰਟੀ ਵੀ ਕੋਈ ਕਾਰਵਾਈ ਕਰਨ ਤੋਂ ਬਚ ਰਹੀ ਹੈ।

ਹਾਲਾਂਕਿ ਡੈਮੇਜ ਕੰਟਰੋਲ ਤਹਿਤ ਨਾਰਾਜ ਵਿਧਾਇਕਾਂ ਨੂੰ ‘ਆਪ’ ਆਗੂਆਂ ਨੇ ਨਿਸ਼ਾਨਾ ਵੀ ਬਣਾਇਆ ਹੈ ਅਤੇ ਉਹ ਲੋਕ ਸਭਾ ਚੋਣਾਂ ਵਿਚ ਪਾਰਟੀ ਆਗੂਆਂ ਨਾਲ ਪ੍ਰਚਾਰ ਵਿਚ ਜੁਟੇ ਹਨ। ਦਿੱਲੀ ਵਿਚ ਵਿਰੋਧੀ ਤੋਂ ਜ਼ਿਆਦਾ ‘ਆਪ’ ਨੂੰ ਆਪਣੇ ਹੀ ਘੇਰਨ ਵਿਚ ਜੁਟੇ ਹਨ। ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੇ 67 ਸੀਟਾਂ ਜਿੱਤੀਆਂ ਸਨ ਅਤੇ ਕੇਵਲ ਤਿੰਨ ਸੀਟਾਂ ਵਿਰੋਧੀ ਪਾਰਟੀ ਬਚਾ ਸਕੀ ਸੀ। ਹੁਣ ‘ਆਪ’ ਨੂੰ ਦੋ ਪਾਰਟੀਆਂ ਨਾਲ-ਨਾਲ ਬਾਗੀਆਂ ਨਾਲ ਵੀ ਜੁਝਨਾ ਪੈ ਰਿਹਾ ਹੈ।

ਦਿੱਲੀ ਸਰਕਾਰ ਵਿਚ ਮੰਤਰੀ ਰਹੇ ਕਪਿਲ ਮਿਸ਼ਰਾ ਨੇ ਪਹਿਲਾਂ ਹੀ ‘ਆਪ’ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਕਪਿਲ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉਤੇ ਰੱਖਦੇ ਹਨ। ਮੰਤਰੀ ਦੇ ਅਹੁੱਦੇ ਤੋਂ ਹਟਾਉਣ ਬਾਅਦ ਵਿਧਾਇਕ ਸੰਦੀਪ ਕੁਮਾਰ ਵੀ ‘ਆਪ’ ਦੇ ਖਿਲਾਫ ਹੋ ਗਏ। ਉਨ੍ਹਾਂ ਸੁਲਤਾਨਪੁਰੀ ਤੋਂ ਚੋਣ ਜਿੱਤਿਆ ਸੀ। ਇਸ ਮਾਮਲੇ ਵਿਚ ਤਾਜਾ ਨਾਮ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਦਾ ਜੁੜਿਆ ਹੈ। ਅਲਕਾ ਲਾਂਬਾ ਕਈ ਵਾਰ ਸੋਸ਼ਲ ਮੀਡੀਆ ਉਤੇ ਪਾਰਟੀ ਦੇ ਉਚ ਆਗੂਆਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਪ੍ਰਗਟਾ ਚੁੱਕੀ ਹੈ। 

ਹੁਣ ਟਵੀਟਰ ਉਤੇ ਅਲਕਾ ਅਤੇ ਪਾਰਟੀ ਵਿਧਾਇਕ ਸੌਰਵ ਭਾਰਦਵਾਜ ਵਿਚ ਵੀ ਵਾਰ ਪਲਟਾਵਾਰ ਹੋਇਆ ਹੈ। ਕਈ ਮੁੱਦਿਆਂ ਉਤੇ ਅਲਕਾ ਪਾਰਟੀ ਲਾਈਨ ਤੋਂ ਅਲੱਗ ਆਪਣਾ ਪੱਖ ਰਖ ਚੁੱਕੀ ਹੈ। ਲੋਕ ਸਭਾ ਚੋਣਾਂ ਵਿਚ ਆਪਣਿਆਂ ਦੇ ਵਾਰ ਪਾਰਟੀ ਨੂੰ ਭਾਰੀ ਪੈ ਸਕਦੇ ਹਨ। ਇਸ ਦੇ ਨਾਲ ਹੀ ‘ਆਪ’ ਦੇ ਸੰਸਥਾਪਕ ਮੈਂਬਰ ਰਹੇ ਕੁਮਾਰ ਵਿਸ਼ਵਾਸ ਵੀ ਸਿੱਧੇ ਪਾਰਟੀ ਹਾਈਕਮਾਨ ਉਤੇ ਦੋਸ਼ ਲਗਾਉਂਦੇ ਹਨ। ਵਿਸ਼ਵਾਸ ਟਵਿਟਰ ਉਤੇ ਲਗਾਤਾਰ ਮੁੱਖ ਮੰਤਰੀ ਉਤੇ ਤੰਜ ਕੱਸ ਰਹੇ ਹਨ। ਅਜੇ ਕੁਮਾਰ ਵਿਸ਼ਵਾਸ ਨੇ ਪਾਰਟੀ ਨਹੀਂ ਛੱਡੀ ਹੈ ਅਤੇ ‘ਆਪ’ ਨੇ ਉਨ੍ਹਾਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ।

ਇਸੇ ਤਰ੍ਹਾਂ ਬਵਾਨਾ ਤੋਂ ਵਿਧਾਇਕ ਰਹੇ ਵੇਦ ਪ੍ਰਕਾਸ਼ ਨੇ ਪਾਰਟੀ ਨਾਲ ਵਿਧਾਇਕ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਹਾਲਾਂਕਿ, ਉਪ ਚੋਣ ਵਿਚ ਉਹ ਭਾਜਪਾ ਦੀ ਟਿਕਟ ਉਤੇ ਚੋਣ ਹਾਰ ਗਏ। ਸੂਤਰਾਂ ਮੁਤਾਬਕ ਪਾਰਟੀ ਵਿਧਾਨ ਸਭਾ ਚੋਣਾਂ ਤੱਕ ਬਾਗੀਆਂ ਖਿਲਾਫ ਕਾਰਵਾਈ ਦੇ ਪੱਖ ਵਿਚ ਨਹੀਂ ਹੈ। ਡੈਮੇਜ ਕੰਟਰੋਲ ਲਈ ਕਈ ਵਾਰ ਯਤਨ ਕੀਤਾ ਗਿਆ ਹੈ।

ਕਈ ਮੁੱਦਿਆਂ ਉਤੇ ਪਾਰਟੀ ਨਾਲ ਵੱਖਰੀ ਰਾਏ ਰੱਖਣ ਵਾਲੇ ਵਿਧਾਇਕ ਪੰਕਜ ਪੁਸ਼ਕਰ ਨੂੰ ਵੀ ਪਾਰਟੀ ਨੇ ਦੁਬਾਰਾ ਆਪਣੇ ਪੱਖ ਵਿਚ ਸਰਗਰਮ ਕਰ ਲਿਆ ਹੈ। ਸੂਬਾ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਹਨ। ਪਾਰਟੀ ਦੇ ਕੁਝ ਵਿਧਾਇਕ ਕੀ ਬੋਲ ਰਹੇ ਹਨ ਇਸ ਨਾਲ ਫਰਕ ਨਹੀਂ ਪੈਂਦਾ। ਪਾਰਟੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਅਸੀਂ ਦਿੱਲੀ ਵਿਚ ਪੂਰਣ ਰਾਜ ਦੇ ਮੁੱਦੇ ਉਤੇ ਚੋਣ ਲੜ ਰਹੇ ਹਾਂ। ਜਨਤਾ ਇਸ ਮੁੱਦੇ ਉਤੇ ਸਾਡੇ ਨਾਲ ਹੈ।​