ਜਾਅਲੀ ਤਜਰਬਾ ਸਰਟੀਫ਼ਿਕੇਟਾਂ ਦੇ ਆਧਾਰ 'ਤੇ ਭਰਤੀ ਹੋਏ ਅਧਿਆਪਕਾਂ ਵਿਰੁਧ ਵਿਜੀਲੈਂਸ ਜਾਂਚ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਭਾਗ ਨੇ ਸੈਕੜੇ ਅਧਿਆਪਕ ਕੀਤੇ ਸਨ ਮੁਅੱਤਲ

Punjab teachers

ਬਠਿੰਡਾ : 12 ਸਾਲ ਪਹਿਲਾਂ ਜਾਅਲੀ ਤਜਰਬਾ ਸਰਟੀਫ਼ਿਕੇਟ ਦੇ ਨਾਲ ਮਾਸਟਰ ਬਣਨ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਨੇ ਪੜਤਾਲ ਸ਼ੁਰੂ ਕਰ ਦਿਤੀ ਹੈ। ਭਲਕੇ ਤਕ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਤੋਂ ਰਿਕਾਰਡ ਮੰਗਿਆ ਗਿਆ ਹੈ। ਬੋਗਸ ਤਜਰਬਾ ਸਰਟੀਫ਼ਿਕੇਟ ਦੇ ਮਾਮਲੇ 'ਚ ਹੁਣ ਤੱਕ ਖ਼ੁਦ ਸਿਖਿਆ ਵਿਭਾਗ ਵੀ ਸੈਕੜੇ ਅਧਿਆਪਕਾਂ ਨੂੰ ਸੇਵਾਵਾਂ ਤੋਂ ਬਰਖ਼ਾਸਤ ਕਰ ਚੁੱਕਾ ਹੈ। ਮਾਮਲੇ ਉਚ ਅਦਾਲਤ 'ਚ ਪੁੱਜਣ ਤੋਂ ਬਾਅਦ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਖ਼ੁਦ ਹਾਈ ਕੋਰਟ ਵਲੋਂ ਇਸ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿਤੇ ਹਨ।

ਵਿਜੀਲੈਂਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਆਉਣ ਵਾਲੇ ਸਮੇਂ 'ਚ ਇਸ ਭਰਤੀ 'ਚ ਗੜਬੜੀਆਂ ਦੀ ਪੜਤਾਲ ਕਰ ਕੇ ਉਚ ਅਦਾਲਤ ਨੂੰ ਰੀਪੋਰਟ ਪੇਸ਼ ਕੀਤੀ ਜਾਵੇਗੀ। ਸਿਖਿਆ ਵਿਭਾਗ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਜਾਅਲੀ ਤਜਰਬਾ ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀਆਂ ਹਾਸਲ ਕਰਨ ਦੇ ਮਾਮਲੇ ਦੀ ਵਿਜੀਲੈਂਸ ਪੜਤਾਲ ਦੇ ਚਲਦੇ ਕਈ ਅਧਿਆਪਕਾਂ 'ਤੇ ਕਾਰਵਾਈ ਹੋਣ ਦੀ ਸੰਭਾਵਨਾ ਹੈ। ਦਸਣਾ ਬਣਦਾ ਹੈ ਕਿ ਪੰਜਾਬ ਦੇ ਸਿਖਿਆ ਵਿਭਾਗ ਵਲੋਂ ਸਾਲ 2007 ਵਿਚ 9998 ਟੀਚਿੰਗ ਫ਼ੈਲੋ ਭਰਤੀ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਸੀ।

ਹਾਲਾਂਕਿ ਇੰਨ੍ਹਾਂ ਟੀਚਿੰਗ ਫ਼ੈਲੋਜ਼ ਨੂੰ ਸਿਰਫ਼ 5000 ਰੁਪਏ ਮਹੀਨਾ ਦਿਤਾ ਜਾਣਾ ਸੀ ਪ੍ਰੰਤੂ ਇਨ੍ਹਾਂ ਦੀ ਭਰਤੀ ਜ਼ਿਲ੍ਹਾ ਸਿਖਿਆ ਅਫ਼ਸਰ ਦੇ ਪੱਧਰ 'ਤੇ ਬਣੀਆਂ ਕਮੇਟੀਆਂ ਵਲੋਂ ਹੀ ਕੀਤੀ ਗਈ ਸੀ। ਕਰੀਬ ਦੋ ਸਾਲ ਤਕ ਚੱਲੀ ਇਸ ਭਰਤੀ ਤਹਿਤ ਸੂਬੇ ਭਰ ਵਿਚ 8813 ਅਧਿਆਪਕ ਭਰਤੀ ਕੀਤੇ ਗਏ ਸਨ। ਭਰਤੀ ਦੌਰਾਨ ਰੱਖੀਆਂ ਸ਼ਰਤਾਂ ਵਿਚ ਪੇਂਡੂ ਸਕੂਲਾਂ ਤੋਂ ਸਿਖਿਆ ਹਾਸਲ ਕਰਨ ਵਾਲੇ ਪ੍ਰਾਰਥੀਆਂ ਨੂੰ ਵਧੇਰੇ ਅੰਕ ਦੇਣ ਤੋਂ ਇਲਾਵਾ ਪ੍ਰਤੀ ਸਾਲ ਤਜਰਬਾ ਅੰਕ ਵੀ ਵਖਰੇ ਦਿਤੇ ਗਏ ਸਨ।

ਸੂਤਰਾਂ ਅਨੁਸਾਰ ਪ੍ਰਭਾਵਸ਼ਾਲੀ ਪਹੁੰਚ ਰੱਖਣ ਵਾਲੇ ਕੁੱਝ ਅਧਿਅਪਾਕਾਂ ਨੇ ਅਧਿਆਪਕ ਬਣਨ ਲਈ ਰਾਤੋ-ਰਾਤ ਪ੍ਰਾਈਵੇਟ ਸਕੂਲਾਂ ਤੋਂ ਜਾਅਲੀ ਤਜਰਬਾ ਸਰਟੀਫ਼ਿਕੇਟ ਹਾਸਲ ਕਰ ਕੇ ਨੌਕਰੀਆਂ ਹਾਸਲ ਕਰ ਲਈਆਂ ਸਨ। ਹਾਲਾਂਕਿ ਬਾਅਦ ਵਿਚ ਇਸ ਘਪਲੇ ਦੀ ਪਰਤ ਖੁਲ੍ਹ ਜਾਣ 'ਤੇ ਸਿਖਿਆ ਵਿਭਾਗ ਵਲੋਂ ਅਪਣੇ ਪੱਧਰ 'ਤੇ ਮਾਮਲੇ ਦੀ ਪੜਤਾਲ ਕਰਵਾਈ ਗਈ ਸੀ। ਇਸ ਪੜਤਾਲ 'ਚ ਕਥਿਤ ਦੋਸ਼ੀ ਪਾਏ ਜਾਣ ਵਾਲੇ ਸੈਂਕੜੇ ਅਧਿਆਪਕਾਂ ਨੂੰ ਸਾਲ 2010 ਵਿਚ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਸੀ। ਜਦੋਂ ਕਿ ਇਹ ਵੀ ਚਰਚਾ ਚੱਲੀ ਸੀ ਕਿ ਪੜਤਾਲ ਕਰਨ ਵਾਲਿਆਂ ਦੀ ਮੁੱਠੀ ਗਰਮ ਕਰਨ ਵਾਲੇ ਕਈ ਅਧਿਆਪਕ 'ਦੁੱਧ ਧੋਤੇ' ਸਾਬਤ ਹੋਏ ਸਨ।

ਇਸ ਤੋਂ ਇਲਾਵਾ ਬਰਖ਼ਾਸਤ ਕੀਤੇ ਕੁੱਝ ਅਧਿਆਪਕਾਂ ਨੇ ਇਸ ਮਾਮਲੇ 'ਚ ਅਦਾਲਤਾਂ ਦਾ ਰੁੱਖ ਕਰ ਲਿਆ ਸੀ। ਅਦਾਲਤ ਨੇ  ਇਸ ਮਾਮਲੇ ਦੀ ਸੁਣਵਾਈ ਦੌਰਾਨ ਗੰਭੀਰਤਾ ਨੂੰ ਦੇਖਦੇ ਹੋਏ ਤਜਰਬਾ ਸਰਟੀਫ਼ਿਕੇਟਾਂ ਦੇ ਆਧਾਰ 'ਤੇ ਅਧਿਆਪਕ ਬਣਨ ਵਾਲੇ ਸਮੂਹ ਪ੍ਰਾਰਥੀਆਂ ਦੇ ਤਜਰਬਾ ਸਰਟੀਫ਼ਿਕੇਟ ਦੀ ਪੜਤਾਲ ਦੇ ਵਿਜੀਲੈਂਸ ਨੂੰ ਹੁਕਮ ਦਿਤੇ ਹਨ।  ਸੂਤਰਾਂ ਅਨੁਸਾਰ ਵਿਜੀਲੈਂਸ ਵਿਭਾਗ ਵਲੋਂ ਲੰਘੀ 2 ਅਪ੍ਰੈਲ ਨੂੰ ਸਿੰਖਿਆ ਵਿਭਾਗ ਨੂੰ ਇਕ ਪੱਤਰ ਜਾਰੀ ਕਰ ਕੇ ਇਸ ਮਾਮਲੇ 'ਚ ਤਜਰਬਾ ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਦਾ ਰਿਕਾਰਡ ਮੰਗਿਆ ਹੈ।

ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਅਜਿਹੇ ਅਧਿਆਪਕਾਂ ਨੂੰ ਸਿਖਿਆ ਵਲੋਂ ਨੌਕਰੀ ਪੇਸ਼ਕਸ 'ਤੇ ਜੁਆਇੰਨ ਕਰਵਾਉਣ ਦੇ ਆਦੇਸ਼ਾਂ ਦੀ ਕਾਪੀ ਸਹਿਤ ਤਜਰਬਾ ਸਰਟੀਫ਼ਿਕੇਟ ਤੇ ਵਿਦਿਅਕ ਸਰਟੀਫ਼ਿਕੇਟਾਂ ਦੀਆਂ ਕਾਪੀਆਂ ਮੁਹਈਆਂ ਕਰਵਾਉਣ ਲਈ ਕਿਹਾ ਹੈ। ਸਿਖਿਆ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਇਹ ਪੜਤਾਲ ਹੋ ਰਹੀ ਹੈ ਤੇ ਇਸ ਵਿਚ ਪੂਰਾ ਸਹਿਯੋਗ ਕੀਤਾ ਜਾਵੇਗਾ।