ਪਾਨ ਵੇਚਣ ਵਾਲੇ ਕੋਲੋਂ ਮਿਲੇ 73 ਲੱਖ ਰੁਪਏ ਦੇ ਪੁਰਾਣੇ ਨੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਫ਼ੀਸਦੀ ਕਮੀਸ਼ਨ ਦੇ ਆਧਾਰ 'ਤੇ ਲੀਗਲ ਕਰੰਸੀ 'ਚ ਬਦਲਵਾਉਣ ਦੀ ਫ਼ਿਰਾਕ 'ਚ ਸਨ ਦੋ ਨੌਜਵਾਨ, ਗ੍ਰਿਫ਼ਤਾਰ

Panwala was trying to exchange 73 lakh old currency by arrested by police

ਇੰਦੌਰ : ਲੋਕ ਸਭਾ ਚੋਣਾਂ ਦੌਰਾਨ ਇੰਦੌਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬੰਦ ਹੋ ਚੁੱਕੇ 500 ਅਤੇ 1000 ਰੁਪਏ ਦੇ ਕੁੱਲ 73.15 ਲੱਖ ਰੁਪਏ ਦੇ ਨੋਟਾਂ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮੁਲਜ਼ਮ ਇਨ੍ਹਾਂ ਨੋਟਾਂ ਨੂੰ ਨਵੀਂ ਕਰੰਸੀ 'ਚ ਬਦਲਵਾਉਣ ਜਾ ਰਹੇ ਸਨ। ਮੁਲਜ਼ਮਾਂ 'ਚੋਂ ਇਕ ਦੀ ਪਾਨ ਦੀ ਦੁਕਾਨ ਹੈ ਅਤੇ ਦੂਜਾ ਨਗਰ ਨਿਗਮ ਦਾ ਸਫ਼ਾਈ ਮੁਲਾਜ਼ਮ ਹੈ।

ਵਧੀਕ ਸੁਪਰਡੈਂਟ ਆਫ਼ ਪੁਲਿਸ ਸ਼ੈਲੇਂਦਰ ਸਿੰਘ ਚੌਹਾਨ ਨੇ ਦੱਸਿਆ ਕਿ ਐਮ.ਆਰ-9 ਸੜਕ ਨੇੜੇ ਵਾਹਨਾਂ ਦੀ ਤਲਾਸ਼ੀ ਦੌਰਾਨ ਸਨਿਚਰਵਾਰ ਦੀ ਰਾਤ ਨੂੰ ਇਕ ਸਕੂਟਰ ਨੂੰ ਰੋਕਿਆ ਗਿਆ। ਸਕੂਟਰ 'ਤੇ ਸਵਾਰ ਰਿਸ਼ੀ ਰਾਏ ਸਿੰਘ (23) ਅਤੇ ਸਾਵਨ ਮੇਵਾਤੀ (26) ਕੋਲ ਇਕ ਬੈਗ ਮਿਲਿਆ। ਇਸ ਬੈਗ ਅੰਦਰ 1000 ਰੁਪਏ ਦੇ 4574 ਬੰਦ ਨੋਟ ਅਤੇ 500 ਰੁਪਏ ਦੇ 5482 ਬੰਦ ਨੋਟ ਰੱਖੇ ਸਨ। ਚੌਹਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ 'ਚ ਸ਼ਾਮਲ ਰਿਸ਼ੀ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਸ਼ੁਜਾਲਪੁਰ ਕਸਬੇ ਵਿਚ ਪਾਨ ਦੀ ਦੁਕਾਨ ਚਲਾਉਂਦਾ ਹੈ, ਜਦਕਿ ਸਾਵਨ ਮੇਵਾਤੀ ਇੰਦੌਰ ਨਗਰ ਨਿਗਮ ਦਾ ਸਫ਼ਾਈ ਕਰਮਚਾਰੀ ਹੈ।

ਉਨ੍ਹਾਂ ਨੇ ਦੱਸਿਆ ਕਿ ਬੰਦ ਕਰੰਸੀ ਰਿਸ਼ੀ ਵਲੋਂ ਸ਼ੁਜ਼ਾਲਪੁਰ ਤੋਂ ਇੰਦੌਰ ਲਿਆਂਦੀ ਗਈ ਸੀ। ਉਹ ਸਾਵਨ ਮੇਵਾਤੀ ਨਾਲ ਇਸ ਨੂੰ 30 ਫ਼ੀਸਦੀ ਕਮੀਸ਼ਨ ਦੇ ਆਧਾਰ 'ਤੇ ਲੀਗਲ ਕਰੰਸੀ 'ਚ ਬਦਲਵਾਉਣ ਲਈ ਲਿਜਾ ਰਿਹਾ ਸੀ। ਪੁਲਿਸ ਵਲੋਂ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ, ਜੋ ਇਹ ਕਰੰਸੀ ਅਦਲਾ-ਬਦਲੀ ਕਰਨ ਵਾਲਾ ਸੀ।

ਪੁਲਿਸ ਮੁਤਾਬਕ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਇੱਥੇ ਬੰਦ ਨੋਟਾਂ ਦੀ ਵੱਡੀ ਖੇਪ ਫੜੀ ਗਈ ਹੋਵੇ। ਪੁਲਿਸ ਨੇ ਇੱਥੇ ਅਗਸਤ 2018 ਵਿਚ 500 ਅਤੇ 1000 ਦੇ ਲਗਭਗ 1 ਕਰੋੜ ਰੁਪਏ ਦੇ ਨੋਟਾਂ ਨਾਲ 3 ਲੋਕਾਂ ਨੂੰ ਫੜਿਆ ਸੀ। ਲਾਅ ਇਨਫ਼ੋਰਸਮੈਂਟ ਏਜੰਸੀਆਂ ਹੁਣ ਤਕ ਇਸ ਗੱਲ ਦਾ ਪ੍ਰਗਟਾਵਾ ਨਹੀਂ ਕਰ ਸਕੀਆਂ ਹਨ ਕਿ 500 ਅਤੇ 1000 ਰੁਪਏ ਦੇ ਬੰਦ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਣ ਦੇ ਗੋਰਖ ਧੰਦੇ ਵਿਚ ਕੌਣ-ਕੌਣ ਲੋਕ ਸ਼ਾਮਲ ਹਨ।