ਮੇਜਰ ਗੋਗੋਈ ਦੇ ਅਹੁਦੇ 'ਚ 6 ਮਹੀਨੇ ਦੀ ਕਟੌਤੀ, ਕਸ਼ਮੀਰ ਤੋਂ ਬਾਹਰ ਭੇਜਿਆ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜ ਮੁੱਖ ਦਫ਼ਤਰ ਨੇ ਗੋਗੋਈ ਦੇ ਇਕ ਸਥਾਨਕ ਔਰਤ ਨਾਲ 'ਦੋਸਤੀ' ਕਰਨ ਦੇ ਮਾਮਲੇ 'ਚ ਸਜ਼ਾ ਦੀ ਪੁਸ਼ਟੀ ਕੀਤੀ

Srinagar hotel incident: Major Gogoi loses six months' seniority

ਨਵੀਂ ਦਿੱਲੀ : ਸਾਲ 2017 'ਚ ਮਨੁੱਖੀ ਢਾਲ ਵਾਲੇ ਵਿਵਾਦਤ ਮਾਮਲੇ 'ਚ ਮੇਜਰ ਲੀਤੁਲ ਗੋਗੋਈ ਨੂੰ ਅਹੁਦੇ 'ਚ 6 ਮਹੀਨੇ ਦੀ ਕਟੌਤੀ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਕਸ਼ਮੀਰ ਘਾਟੀ ਤੋਂ ਬਾਹਰ ਭੇਜਿਆ ਜਾਵੇਗਾ, ਕਿਉਂਕਿ ਫ਼ੌਜ ਮੁੱਖ ਦਫ਼ਤਰ ਨੇ ਗੋਗੋਈ ਦੇ ਇਕ ਸਥਾਨਕ ਔਰਤ ਨਾਲ 'ਦੋਸਤੀ' ਕਰਨ ਦੇ ਮਾਮਲੇ 'ਚ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ।

ਗੋਗੋਈ ਅਤੇ ਉਨ੍ਹਾਂ ਦੇ ਡਰਾਈਵਰ ਸਮੀਰ ਮੱਲਾ ਨੂੰ ਆਦੇਸ਼ਾਂ ਦੇ ਬਾਵਜੂਦ ਔਰਤ ਨਾਲ ਦੋਸਤੀ ਅਤੇ ਕਾਰਵਾਈ ਖੇਤਰ 'ਚ ਡਿਊਟੀ ਵਾਲੀ ਥਾਂ ਤੋਂ ਦੂਰ ਪਾਏ ਜਾਣ ਦੇ ਮਾਮਲੇ 'ਚ ਕੋਰਟ ਮਾਰਸ਼ਲ ਹੋਇਆ ਸੀ। ਇਸ 'ਚ ਉਹ ਦੋਸ਼ੀ ਪਾਏ ਗਏ ਸਨ। ਫ਼ੌਜ ਮੁੱਖ ਦਫ਼ਤਰ ਨੇ ਕੋਰਟ ਮਾਰਸ਼ਲ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਕੋਰਟ ਮਾਰਸ਼ਲ ਤੋਂ ਬਾਅਦ ਤੈਅ ਹੈ ਕਿ ਗੋਗੋਈ ਦਾ ਕਸ਼ਮੀਰ ਤੋਂ ਕਿਸੇ ਹੋਰ ਥਾਂ ਤਬਾਦਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਨੇ 23 ਮਈ 2018 ਨੂੰ ਇਕ ਵਿਵਾਦ ਦੇ ਬਾਅਦ ਗੋਗੋਈ ਨੂੰ ਹਿਰਾਸਤ 'ਚ ਲਿਆ ਸੀ। ਉਹ 18 ਸਾਲਾ ਮਹਿਲਾ ਦੇ ਨਾਲ ਸ੍ਰੀਨਗਰ ਦੇ ਇੱਕ ਹੋਟਲ 'ਚ ਕਥਿਤ ਤੌਰ 'ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਤੋਂ ਕੁਝ ਦਿਨ ਬਾਅਦ ਫ਼ੌਜ ਨੇ ਇਸ ਘਟਨਾ ਦੀ ਕੋਰਟ ਆਫ਼ ਇਨਕੁਆਰੀ ਦੇ ਆਦੇਸ਼ ਦਿੱਤੇ ਸਨ। ਔਰਤ ਨੇ ਅਦਾਲਤ 'ਚ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਮੇਜਰ ਗੋਗੋਈ ਨਾਲ ਬਾਹਰ ਗਈ ਸੀ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕੀ ਉਸ ਨੇ ਨਕਲੀ ਫ਼ੇਸਬੁਕ ਅਕਾਊਂਟ ਤੋਂ ਮੇਜਰ ਗੋਗੋਈ ਨਾਲ ਦੋਸਤੀ ਕੀਤੀ ਸੀ। ਫ਼ੇਸਬੁਕ 'ਤੇ ਉਸ ਨੇ ਆਪਣਾ ਨਾਂ ਉਵੈਦ ਅਰਮਾਨ ਦੱਸਿਆ ਸੀ। ਜ਼ਿਕਰਯੋਗ ਹੈ ਕਿ ਮੇਜਰ ਗੋਗੋਈ ਉਦੋਂ ਚਰਚਾ 'ਚ ਆਏ ਸਨ, ਜਦੋਂ ਉਨ੍ਹਾਂ ਨੇ ਪੱਥਰਬਾਜ਼ਾਂ ਤੋਂ ਬਚਣ ਲਈ ਇਕ ਪੱਥਰਬਾਜ਼ ਨੂੰ ਆਪਣੀ ਜੀਪ ਨਾਲ ਬੰਨ੍ਹਿਆ ਸੀ।