ਆਂਧਰਾ ਪ੍ਰਦੇਸ਼ ਵਿਚ ਮਿਲਿਆ ਕੋਰੋਨਾ ਦਾ ਨਵਾਂ ਏਪੀ ਸਟ੍ਰੇਨ

ਸਪੋਕਸਮੈਨ ਸਮਾਚਾਰ ਸੇਵਾ  | ਪ੍ਰਮੋਦ ਕੌਸ਼ਲ

ਖ਼ਬਰਾਂ, ਰਾਸ਼ਟਰੀ

ਐਨ-440-ਕੇ, ਭਾਰਤ ਵਿਚ ਮੌਜੂਦਾ ਸਟ੍ਰੇਨ ਦੇ ਮੁਕਾਬਲੇ 15 ਗੁਣਾਂ ਜ਼ਿਆਦਾ ਖ਼ਤਰਨਾਕ

New COVID-19 variant discovered in andhra pradesh

ਲੁਧਿਆਣਾ, : ਆਂਧਰਾ ਪ੍ਰਦੇਸ਼ ਵਿਚ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਿਆ ਹੈ ਜਿਸ ਨੂੰ ਏਪੀ ਸਟ੍ਰੇਨ ਅਤੇ ਐਨ440ਕੇ ਦਾ ਨਾਮ ਦਿਤਾ ਗਿਆ ਹੈ ਜਿਸ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਹੋਈ ਅਤੇ ਇਹ ਆਮ ਲੋਕਾਂ ਵਿਚ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਸੈਂਟਰ ਫ਼ਾਰ ਸੈਲਯੁਲਰ ਐਂਡ ਮੌਲਿਕਿਯੁਲਰ ਬਾਓਲਾਜੀ (ਸੀਸੀਐਮਬੀ) ਦੇ ਵਿਗਿਆਨੀਆਂ ਨੇ ਦਸਿਆ ਕਿ ਇਹ ਭਾਰਤ ਵਿਚ ਮੌਜੂਦਾ ਸਟ੍ਰੇਨ ਦੇ ਮੁਕਾਬਲੇ 15 ਗੁਣਾਂ ਜ਼ਿਆਦਾ ਖ਼ਤਰਨਾਕ ਹੈ। ਇਸ ਨਾਲ ਪੀੜਤ ਮਰੀਜ਼ 3-4 ਦਿਨਾਂ ਵਿਚ ਹਈਪੋਕਸਿਯਾ ਜਾਂ ਡਿਸਪਨਿਯਾ ਦੇ ਸ਼ਿਕਾਰ ਹੋ ਜਾਂਦੇ ਹਨ।

ਇਸ ਦਾ ਮਤਲਬ ਸਾਹ ਮਰੀਜ਼ ਦੇ ਫੇਫੜੇ ਤਕ ਪਹੁੰਚਣਾ ਬੰਦ ਹੋ ਜਾਂਦਾ ਹੈ ਅਤੇ ਸਹੀ ਸਮੇਂ ਤੇ ਇਲਾਜ ਅਤੇ ਆਕਸੀਜਨ ਸਪੋਰਟ ਨਹੀਂ ਮਿਲੀ ਤਾਂ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਹ ਮੌਜੂਦਾ ਸਟ੍ਰੇਨ ਬੀ1617 ਅਤੇ ਬੀ117 ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਇਸ ਨਵੇਂ ਸਟ੍ਰੇਨ ਕਰ ਕੇ ਲੋਕਾਂ ਦੇ ਸਰੀਰ ਵਿਚ ਸਾਈਟੋਕਾਇਨ ਸਟ੍ਰਾਮ ਦੀ ਸਮੱਸਿਆ ਆਉਂਦੀ ਹੈ ਅਤੇ ਮਾਹਰਾਂ ਮੁਤਾਬਕ ਇਹ ਨੌਜਵਾਨਾਂ ਤੇ ਬੱਚਿਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਜੇ ਇਸ ਦੀ ਚੇਨ ਨੂੰ ਸਮਾਂ ਰਹਿੰਦਿਆਂ ਨਾ ਤੋੜਿਆ ਗਿਆ ਤਾਂ ਕੋਰੋਨਾ ਦੀ ਇਹ ਦੂਸਰੀ ਲਹਿਰ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੀ ਹੈ।

ਵੱਡੀ ਫ਼ਿਕਰਮੰਦੀ ਇਸ ਗੱਲ ਦੀ ਹੈ ਕਿ ਇਸ ਵੇਰੀਐਂਟ ਦੇ ਮੂਹਰੇ ਵਧੀਆ ਇਮਿਯੁਨਿਟੀ ਵਾਲੇ ਲੋਕ ਵੀ ਫ਼ੇਲ ਹੋਈ ਜਾ ਰਹੇ ਹਨ ਯਾਨਿ ਕਿ ਇਹ ਮਜ਼ਬੂਤ ਇਮਿਯੁਨਿਟੀ ਵਾਲੇ ਲੋਕਾਂ ਨੂੰ ਵੀ ਨਹੀਂ ਬਖ਼ਸ਼ ਰਿਹਾ।  ਉਧਰ, ਡਬਲਯੂਐਚਓ ਨੇ ਮੁਖੀ ਡਾ. ਟੇਡ੍ਰੋਸ ਐਡਨਮ ਨੇ ਜਿਨੇਵਾ ਤੋਂ ਆਨਲਾਈਨ ਬ੍ਰੀਫ਼ਿੰਗ ਵਿਚ ਕਿਹਾ, ‘ਉਨ੍ਹਾਂ ਨੂੰ ਪਤਾ ਹੈ ਕਿ ਕੋੋਵਿਡ-19 ਤੇਜ਼ੀ ਨਾਲ ਫੈਲਦਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਇਹ 2009 ਫਲੂ ਮਹਾਂਮਾਰੀ ਤੋਂ 10 ਗੁਣਾਂ ਵੱਧ ਖ਼ਤਰਨਾਕ ਹੈ।’ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇੰਨੀ ਖ਼ਤਰਨਾਕ ਬੀਮਾਰੀ ਪਿਛਲੇ ਇਕ ਸਾਲ ਤੋਂ ਦੁਨੀਆਂ ਭਰ ਦੇ ਨਾਲ ਨਾਲ ਭਾਰਤ ਵਿਚ ‘ਨਾਚ’ ਕਰ ਰਹੀ ਹੈ ਪਰ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਨਾਲ ਨਜਿੱਠਣ ਦੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜੇ ਹੋਣੇ ਲਾਜ਼ਮੀ ਬਣਦੇ ਹਨ। 

ਲੋਕਾਂ ਤਕ ਸਿਹਤ ਸਹੂਲਤਾਂ ਅਤੇ ਆਕਸੀਜਨ ਪਹੁੰਚੇ ਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ ਉਸ ਲਈ ਵੀ ਦੇਸ਼ ਦੀਆਂ ਅਦਾਲਤਾਂ ਨੂੰ ਦਖ਼ਲ ਦੇਣਾ ਪੈ ਰਿਹਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਮਹਾਂਮਾਰੀ ਨਾਲ ਮਰ ਰਹੇ ਦੇਸ਼ ਦੇ ਲੋਕਾਂ ਨੂੰ ਹੁਣ ਸਰਕਾਰ ਨਹੀਂ ਅਦਾਲਤਾਂ ਤੋਂ ਹੀ ‘ਜ਼ਿੰਦਗੀ’ ਦੀ ਆਸ ਬਚੀ ਹੈ ਕਿਉਂਕਿ ਸਰਕਾਰਾਂ ਵੀ ਅਦਾਲਤਾਂ ਦੀ ਝਾੜ ਝੰਬ ਤੋਂ ਬਾਅਦ ਹੀ ਜਾਗਦੀਆਂ ਹਨ।

ਡਬਲਯੂਐਚਓ ਨੇ ਸਵਾਈਨ ਫਲੂ ਦੀ ਗੱਲ ਛੇੜੀ ਹੈ ਤਾਂ ਜ਼ਿਕਰ ਤਾਂ ਫਿਰ ਭਾਰਤ ਵੀ ਆਉਣਾ ਹੀ ਹੈ ਤੇ ਜੇਕਰ ਭਾਰਤ ਦਾ ਜ਼ਿਕਰ ਆਉਣਾ ਹੈ ਤਾਂ ਫਿਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਿਉਂਕਿ ਉਸ ਸਮੇਂ ਸਰਕਾਰ ਨੇ ਪੱਬਾਂ ਭਾਰ ਹੋ ਕੇ ਜੋ ਪ੍ਰਬੰਧ ਦੇਸ਼ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੀਤੇ ਸੀ। ਪਰ ਮੌਜੂਦਾ ਸਮੇਂ ਵਿਚ ਕੋਰੋਨਾ ਨੇ ਜੋ ਹਾਲਾਤ ਬਣਾਏ ਹਨ ਉਸ ਨਾਲ ਲੋਕਾਂ ਦੀ ਜਾਨ ਤੇ ਜੋ ਸੰਕਟ ਆਇਆ ਹੈ ਉਹ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਬੀਤੇ ਸਾਲ ਲੌਕਡਾਊਨ ਲਾ ਕੇ ਬੀਮਾਰੀ ਤੇ ਕਾਬੂ ਕਰਨ ਦੇ ਦਾਅਵਿਆਂ ਦੀ ਹਕੀਕਤ ਸਾਹਮਣੇ ਹੈ।