ਕੁਦਰਤ ਪ੍ਰੇਮ ਦੀ ਅਨੋਖੀ ਮਿਸਾਲ! ਦੇਸ਼ ਦੇ ਕਈ ਹਿੱਸਿਆਂ ’ਚ ਲੱਖਾਂ ਰੁੱਖ ਲਗਾ ਚੁਕੇ ‘ਪਿੱਪਲ ਬਾਬਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਆਜ਼ਾਦ ਜੈਨ ਉਰਫ ‘ਪਿੱਪਲ ਬਾਬਾ’ ਨੇ ਕੁਦਰਤ ਪ੍ਰੇਮ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ।

Peepal Baba

ਨਵੀਂ ਦਿੱਲੀ: 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਆਜ਼ਾਦ ਜੈਨ ਉਰਫ ‘ਪਿੱਪਲ ਬਾਬਾ’ ਨੇ ਕੁਦਰਤ ਪ੍ਰੇਮ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਆਜ਼ਾਦ ਜੈਨ ਅਪਣੇ ਵਲੰਟੀਅਰਜ਼ ਨਾਲ ਮਿਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਹਨ। ਹੁਣ ਤੱਕ ਉਹਨਾਂ ਨੇ ਲੱਖਾਂ ਰੁੱਖ ਲਗਾਏ ਹਨ ਤੇ ਇਹਨਾਂ ਵਿਚ ਜ਼ਿਆਦਾਤਰ ਰੁੱਖ ਪਿੱਪਲ ਦੇ ਹਨ, ਕਿਉਂਕਿ ਇਸ ਨੂੰ ਆਕਸੀਜਨ ਦਾ ਸਰੋਤ ਮੰਨਿਆ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿੱਪਲ ਦਾ ਦਰੱਖਤ ਬਹੁਤ ਵਿਸ਼ਾਲ ਤੇ ਲਾਭਦਾਇਕ ਹੁੰਦਾ ਹੈ। ਇਹ 22 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਆਕਸੀਜਨ ਦਿੰਦਾ ਹੈ।

ਨਾਨੀ ਦੀ ਸਿੱਖਿਆ ਤੋਂ ਮਿਲੀ ਸੇਧ

ਆਜ਼ਾਦ ਜੈਨ ਦਾ ਕਹਿਣਾ ਹੈ ਕਿ ਬਚਪਨ ਵਿਚ ਉਹਨਾਂ ਦੇ ਨਾਨੀ ਨੇ ਕਿਹਾ ਸੀ ਕਿ ਕੋਈ ਅਜਿਹਾ ਕੰਮ ਕਰੋ ਜਿਸ ਦਾ ਅਸਰ ਹਜ਼ਾਰਾਂ ਸਾਲਾਂ ਤੱਕ ਰਹੇ। ਇਸ ਗੱਲ ’ਤੇ ਅਮਲ ਕਰਦਿਆਂ ਉਹਨਾਂ ਨੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਆਜ਼ਾਦ ਜੈਨ ਦੇ ਪਿਤਾ ਫੌਜ ਵਿਚ ਡਾਕਟਰ ਸਨ। ਉਹਨਾਂ ਦੀ ਨੌਕਰੀ ਦੌਰਾਨ ਆਜ਼ਾਦ ਜੈਨ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਘੁੰਮਣ ਦਾ ਮੌਕਾ ਮਿਲਿਆ।

26 ਜਨਵਰੀ 1977 ਨੂੰ ਕੀਤੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਅਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਆਜ਼ਾਦ ਨੇ ਵਾਤਾਵਰਨ ਦੇ ਖੇਤਰ ਵਿਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ। ਇਸ ਲਈ ਉਹਨਾਂ ਨੇ 26 ਜਨਵਰੀ 1977 ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਇਹ ਸ਼ੁਰੂਆਤ ਰਾਜਸਥਾਨ ਤੋਂ ਕੀਤੀ। ਇਸ ਦੌਰਾਨ ਉਹਨਾਂ ਨੇ ਪਿੱਪਲ ਦੇ ਦਰੱਖਤ ਲਗਾਉਣੇ ਸ਼ੁਰੂ ਕੀਤੀ, ਇਕ ਪ੍ਰੋਗਰਾਮ ਦੌਰਾਨ ਕਿਸੇ ਨੇ ਉਹਨਾਂ ਨੂੰ ‘ਪਿੱਪਲ ਬਾਬਾ’ ਕਹਿ ਕੇ ਪੁਕਾਰਿਆ ਇੱਥੋਂ ਹੀ ਉਹਨਾਂ ਦਾ ਨਾਂਅ ‘ਪਿੱਪਲ ਬਾਬਾ’ ਪੈ ਗਿਆ।

ਮੁਹਿੰਮ ਦੌਰਾਨ ਉਹਨਾਂ ਨਾਲ ਕਈ ਲੋਕ ਜੁੜੇ। ਉਹਨਾਂ ਨੇ ਇਸ ਦੀ ਸ਼ੁਰੂਆਤ ਜੰਗਤਾਂ ਵਿਚ ਵੀ ਕੀਤੀ ਤੇ ਉਹਨਾਂ ਦਾ ਕੰਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਪਸੰਦ ਆਇਆ। ਇਸ ਤੋਂ ਬਾਅਦ ਕਾਰਪੋਰੇਟ ਹਾਊਸ ਉਹਨਾਂ ਨੂੰ ਪਲਾਂਟੇਸ਼ਨ ਦਾ ਕੰਮ ਸੌਂਪਣ ਲੱਗੇ। ਆਜ਼ਾਦ ਜੈਨ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਨੇ 100 ਤੋਂ ਵੱਧ ਪੌਦੇ ਲਗਾਉਣ ਵਾਲੀਆਂ ਥਾਵਾਂ ਵਿਕਸਤ ਕੀਤੀਆਂ ਹਨ। ਉਹਨਾਂ ਨੇ ਦਿੱਲੀ ਵਿਚ ਅਰਨਿਆ ਜੰਗਲਾਤ ਪ੍ਰਾਜੈਕਟ ’ਚ 16,000 ਰੁੱਖ, ਨੋਇਡਾ ਵਿਚ ਅਟਲ ਉਦੈ ਉਪਵਨ ਦੇ ਨਾਮ ’ਤੇ 62200 ਪੌਦੇ, ਜੰਗਲ ਦੇ ਗ੍ਰੇਟਰ ਨੋਇਡਾ ਵਿਚ 2 ਲੱਖ ਪੌਦਿਆਂ ਦਾ ਜੰਗਲ ਅਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ 3.5 ਲੱਖ ਪੌਦਿਆਂ ਦਾ ਜੰਗਲ ਤਿਆਰ ਕਰ ਰਹੇ ਹਨ।

ਵਾਤਾਵਰਨ ਦਿਵਸ ਮੌਕੇ ਹਰਿਆਣਾ ਵਿਚ 40 ਹਜ਼ਾਰ ਰੁੱਖ ਲਗਾਉਣਗੇ ‘ਪਿੱਪਲ ਬਾਬਾ’

ਆਜ਼ਾਦ ਜੈਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੁੱਖ ਲਗਾਉਣ ਲਈ ਟ੍ਰੇਨਿੰਗ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਸਿਖਲਾਈ ਲਈ ਉਹਨਾਂ ਕੋਲ ਵਿਦੇਸ਼ੀ ਵਿਦਿਆਰਥੀ ਵੀ ਆਉਂਦੇ ਹਨ। 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਆਜ਼ਾਦ ਜੈਨ ਦੇਸ਼ ਦੇ ਸਭ ਤੋਂ ਘੱਟ ਰੁੱਖਾਂ ਵਾਲੇ ਸੂਬੇ ਹਰਿਆਣਾ ਵਿਚ 40 ਹਜ਼ਾਰ ਰੁੱਖ ਲਗਾਉਣਗੇ।

ਆਜ਼ਾਦ ਜੈਨ ਅਨੁਸਾਰ ਦੇਸ਼ ਦੀਆਂ ਫਾਈਲਾਂ ਵਿਚ 20% ਤੱਕ ਟ੍ਰੀ-ਕਵਰ ਦੱਸਿਆ ਜਂਦਾ ਹੈ ਪਰ ਗੂਗਲ ਦੇ ਸੈਟੇਲਾਈਨ ਵਿਊ ਤੋਂ ਪਤਾ ਚੱਲਦਾ ਹੈ ਕਿ ਇਹ 8% ਤੱਕ ਡਿੱਗ ਚੁੱਕਾ ਹੈ। ਜੇਕਰ ਅਸੀਂ ਇਸ ਨੂੰ 50% ਤੱਕ ਨਹੀਂ ਪਹੁੰਚਾਇਆ ਤਾਂ ਮਹਾਂਮਾਰੀਆਂ ਦਾ ਸਾਹਮਣਾ ਕਰਦੇ ਰਹਾਂਗੇ। ਆਜ਼ਾਦ ਜੈਨ ਦਾ ਕਹਿਣਾ ਹੈ ਕਿ ਕਿ ਮਹਾਂਮਾਰੀ ਦੇ ਦੌਰ ਵਿਚ ਆਕਸੀਜਨ ਦੀ ਸਮੱਸਿਆ ਸਿੱਧੇ ਤੌਰ ’ਤੇ ਖਤਮ ਨਹੀਂ ਹੋਵੇਗੀ ਪਰ ਇਸ ਦਾ ਸਥਾਈ ਇਲਾਜ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।