ਭਾਰਤ ਸਰਕਾਰ ਨੇ ਨਿਊਜ਼ ਪੋਰਟਲ ਬਲੋਚਿਸਤਾਨ ਟਾਈਮਜ਼ ਤੇ ਬਲੋਚਿਸਤਾਨ ਪੋਸਟ ਦੇ ਐਕਸ ਖਾਤਿਆਂ ’ਤੇ ਲਗਾਈ ਪਾਬੰਦੀ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਲਗਾਤਾਰ ਕਾਰਵਾਈ ਜਾਰੀ
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤ ਸਰਕਾਰ ਨੇ 2 ਨਿਊਜ਼ ਪੋਰਟਲਾਂ ਦੇ ਐਕਸ-ਹੈਂਡਲਾਂ ’ਤੇ ਪਾਬੰਦੀ ਲਗਾ ਕੇ ਇਕ ਹੋਰ ਵੱਡਾ ਝਟਕਾ ਦਿਤਾ ਹੈ। ਭਾਰਤ ਸਰਕਾਰ ਨੇ ਨਿਊਜ਼ ਪੋਰਟਲ ਬਲੋਚਿਸਤਾਨ ਟਾਈਮਜ਼ ਅਤੇ ਬਲੋਚਿਸਤਾਨ ਪੋਸਟ ਦੇ ਐਕਸ ਅਕਾਊਂਟਸ ਨੂੰ ਬਲਾਕ ਕਰ ਦਿਤਾ ਹੈ। ਇਹ ਪਾਬੰਦੀ ਭਾਰਤ ਵਿਚ ਲਗਾਈ ਗਈ ਹੈ।
ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਰੁਧ ਹਮਲਾਵਰ ਰਵੱਈਆ ਅਪਣਾ ਰਿਹਾ ਹੈ। ਇਸ ਸਬੰਧ ਵਿਚ, ਭਾਰਤ ਨੇ ਪਾਕਿਸਤਾਨ ਵਿਰੁਧ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਲਗਾਤਾਰ ਉਸ ਦੇ ਹੰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਦੀ ਕਾਰਵਾਈ ਤੋਂ ਨਿਰਾਸ਼ ਪਾਕਿਸਤਾਨ ਦੇ ਨੇਤਾ ਲਗਾਤਾਰ ਭਾਰਤ ਨੂੰ ਧਮਕੀਆਂ ਦੇ ਰਹੇ ਹਨ ਪਰ ਪਾਕਿਸਤਾਨ ਭਾਰਤ ਦੀ ਕਾਰਵਾਈ ਤੋਂ ਘਬਰਾ ਗਿਆ ਹੈ ਅਤੇ ਭਾਰਤ ਤੋਂ ਹਮਲੇ ਦਾ ਡਰ ਹੈ।
ਇਸ ਦੌਰਾਨ, ਭਾਰਤ ਪਾਕਿਸਤਾਨ ਵਿਰੁਧ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਿਹਾ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਵਿਰੁਧ ਇਹ ਕਾਰਵਾਈ ਕੀਤੀ ਸੀ। ਭਾਰਤ ਨੇ ਇਨ੍ਹਾਂ ਦੋਵਾਂ ਆਗੂਆਂ ਦੇ ਐਕਸ ਖਾਤੇ ਬਲਾਕ ਕਰ ਦਿਤੇ ਸਨ।
ਇਸ ਤੋਂ ਪਹਿਲਾਂ ਵੀ ਭਾਰਤ ਨੇ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਐਕਸ ਅਕਾਊਂਟ ਨੂੰ ਭਾਰਤ ਵਿਚ ਬੈਨ ਕਰ ਦਿਤਾ ਸੀ। ਖਵਾਜਾ ਆਸਿਫ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਗਾਤਾਰ ਭਾਰਤ ਵਿਰੁਧ ਜ਼ਹਿਰ ਉਗਲ ਰਿਹਾ ਸੀ। ਉਸ ਨੇ ਭਾਰਤ ’ਤੇ ਪ੍ਰਮਾਣੂ ਹਮਲਾ ਕਰਨ ਦੀ ਧਮਕੀ ਵੀ ਦਿਤੀ।