ਦਿੱਲੀ 'ਚ 106 ਸਾਲਾ ਬਾਬੇ ਨੇ ਦਿਤੀ ਕੋਰੋਨਾ ਵਾਇਰਸ ਨੂੰ ਮਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਪੈਨਿਸ਼ ਫ਼ਲੂ ਫੈਲਣ ਸਮੇਂ ਚਾਰ ਸਾਲ ਦਾ ਸੀ

Corona virus

ਨਵੀਂ ਦਿੱਲੀ : ਦਿੱਲੀ ਵਿਚ ਸੌ ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਹਾਲ ਹੀ ਵਿਚ ਕੋਵਿਡ-19 ਤੋਂ ਅਪਣੇ ਬੇਟੇ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਸਿਹਤਯਾਬ ਹੋਇਆ ਹੈ। ਇਹ ਬਾਬਾ 1918 ਵਿਚ ਫੈਲੀ ਸਪੈਨਿਸ਼ ਫ਼ਲੂ ਮਹਾਂਮਾਰੀ ਸਮੇਂ ਚਾਰ ਸਾਲ ਦਾ ਸੀ। ਉਸ ਦੇ ਬੇਟੇ ਦੀ ਉਮਰ ਵੀ ਲਗਭਗ 70 ਸਾਲ ਹੈ।

ਡਾਕਟਰਾਂ ਨੇ ਦਸਿਆ ਕਿ 106 ਸਾਲ ਦੇ ਰੋਗੀ ਨੂੰ ਹਾਲ ਹੀ ਵਿਚ ਠੀਕ ਹੋਣ ਮਗਰੋਂ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਦਿਤੀ ਗਈ ਹੈ। ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਹਸਪਤਾਲ ਤੋਂ ਉਨ੍ਹਾਂ ਦੀ ਪਤਨੀ, ਬੇਟੇ ਅਤੇ ਪਰਵਾਰ ਦੇ ਹੋਰ ਜੀਆਂ ਨੂੰ ਵੀ ਛੁੱਟੀ ਦੇ ਦਿਤੀ ਗਈ।

ਇਕ ਹੋਰ ਡਾਕਟਰ ਨੇ ਦਸਿਆ, 'ਉਹ ਦਿੱਲੀ ਵਿਚ ਕੋਵਿਡ-19 ਦਾ ਪਹਿਲਾ ਮਰੀਜ਼ ਹੈ ਜਿਸ ਨੇ ਇਸੇ ਤਰ੍ਹਾਂ ਦੀ ਮਹਾਂਮਾਰੀ ਸਪੈਨਿਸ਼ ਫ਼ਲੂ ਦਾ ਸਾਹਮਣਾ ਕੀਤਾ ਸੀ। ਸਪੈਨਿਸ਼ ਫ਼ਲੂ ਨੇ ਵੀ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਸੀ। ਉਹ ਨਾ ਸਿਰਫ਼ ਕੋਵਿਡ-19 ਤੋਂ ਠੀਕ ਹੋਇਆ ਸਗੋਂ ਅਪਣੇ ਬੇਟੇ ਮੁਕਾਬਲੇ ਤੇਜ਼ੀ ਨਾਲ ਠੀਕ ਹੋਇਆ। ਸਪੈਨਿਸ਼ ਫ਼ਲੂ ਨੇ ਪੂਰੀ ਦੁਨੀਆਂ ਵਿਚ 102 ਸਾਲ ਪਹਿਲਾਂ ਦਸਤਕ ਦਿਤੀ ਸੀ ਅਤੇ ਉਸ ਵਕਤ ਦੁਨੀਆਂ ਦੀ ਲਗਭਗ ਇਕ ਤਿਹਾਈ ਆਬਾਦੀ ਇਸ ਦੀ ਲਪੇਟ ਵਿਚ ਆਈ ਸੀ।

ਅਮਰੀਕਾ ਦੇ ਰੋਗ ਕੰਟਰੋਲ ਕੇਂਦਰ ਮੁਤਾਬਕ ਤਾਜ਼ਾ ਇਤਿਹਾਸ ਵਿਚ 1918 ਦੀ ਮਹਾਂਮਾਰੀ ਸੱਭ ਤੋਂ ਖ਼ਤਰਨਾਕ ਸੀ ਅਤੇ ਐਚ1ਐਨ1 ਵਾਇਰਸ ਕਾਰਨ ਫੈਲੀ ਸੀ। ਇਸ ਬੀਮਾਰੀ ਨੇ ਛੇ ਲੱਖ 75 ਹਜ਼ਾਰ ਲੋਕਾਂ ਦੀ ਜਾਨ ਲਈ ਸੀ। ਡਾਕਟਰ ਨੇ ਕਿਹਾ, 'ਸਾਨੂੰ ਨਹੀਂ ਪਤਾ ਕਿ ਉਹ ਸਪੈਨਿਸ਼ ਫ਼ਲੂ ਤੋਂ ਪ੍ਰਭਾਵਤ ਹੋਏ ਸਨ ਜਾਂ ਨਹੀਂ। ਉਸ ਸਮੇਂ ਦੇ ਦਸਤਾਵੇਜ਼ਾਂ ਨੂੰ ਅਸੀਂ ਬਹੁਤਾ ਨਹੀਂ ਵੇਖਿਆ ਅਤੇ ਜਿਥੇ ਤਕ ਦਿੱਲੀ ਦੀ ਗੱਲ ਹੈ ਤਾਂ ਉਸ ਸਮੇਂ ਕਾਫ਼ੀ ਘੱਟ ਹਸਪਤਾਲ ਸਨ। ਇਹ ਹੈਰਾਨੀਜਨਕ ਹੈ ਕਿ 106 ਸਾਲਾ ਵਿਅਕਤੀ ਨੇ ਜਿਊਣ ਦੀ ਇੱਛਾ ਵਿਖਾਈ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।