ਗਿਆਨੀ ਇਕਬਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਸ੍ਰੀ ਰਾਮ ਦੀ ਸੰਤਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਸ੍ਰੀ ਰਾਮ ਚੰਦਰ ਦੇ ਵੱਡੇ ਬੇਟੇ ਲਵ ਦੇ ਵੰਸ਼ਜ ਸਨ ਗੁਰੂ ਗੋਬਿੰਦ ਸਿੰਘ ਜੀ

Giani Iqbal Singh PM Narendra Modi Ayodhya Ram Mandir

ਅਯੁੱਧਿਆ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਇਕ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੀ ਰਾਮ ਚੰਦਰ ਜੀ ਨਾਲ ਸਿੱਖਾਂ ਦੀ ਪੁਰਾਣੀ ਸਾਂਝ ਹੈ ਕਿਉਂਕਿ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਸ਼੍ਰੀ ਰਾਮ ਚੰਦਰ ਦੇ ਵੱਡੇ ਬੇਟੇ ਲਵ ਦੇ ਵੰਸ਼ਜ ਸਨ। 

ਗਿਆਨੀ ਇਕਬਾਲ ਸਿੰਘ ਨੇ ਅੱਗੇ ਕਿਹਾ ਕਿ ਇਸ ਮੰਦਿਰ ਨਾਲ ਪੂਰੇ ਭਾਰਤ ਦੀ ਸ਼ਾਨ ਵਧੇਗੀ। ਇਥੇ ਹੀ ਬਸ ਨਹੀਂ, ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸ੍ਰੀ ਰਾਮ ਚੰਦਰ ਦੇ ਛੋਟੇ ਬੇਟੇ ਕੁਸ਼ ਦੇ ਵੰਸ਼ਜ ਦੱਸਦਿਆਂ ਆਖਿਆ ਕਿ ਸ਼੍ਰੀ ਰਾਮ ਚੰਦਰ ਤਾਂ ਉਨ੍ਹਾਂ ਦੇ ਪੂਰਵਜ਼ ਹਨ, ਇਸ ਲਈ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸੱਦੇ 'ਤੇ ਰਾਮ ਜਨਮ ਭੂਮੀ ਪੂਜਨ ਮੌਕੇ ਪੁੱਜੇ ਹਨ।

ਰਾਮ ਮੰਦਰ ਬਾਰੇ ਬੋਲਦਿਆਂ ਗਿਆਨੀ ਇਕਬਾਲ ਸਿੰਘ ਨੇ ਆਖਿਆ ਕਿ ਅਯੁੱਧਿਆ ਵਿਚ ਜੋ ਰਾਮ ਮੰਦਰ ਬਣਨ ਜਾ ਰਿਹਾ, ਉਸ ਨਾਲ ਭਾਰਤ ਦੀ ਸ਼ਾਨ ਪੂਰੀ ਦੁਨੀਆ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਮਿਸ਼ਨ ਵਿਚ ਲੱਗੇ ਹੋਏ ਨੇ, ਉਸ ਦੇ ਲਈ ਸ੍ਰੀ ਰਾਮ ਚੰਦਰ ਦਾ ਇਹ ਵਿਸ਼ਾਲ ਮੰਦਰ ਪੂਰੀ ਦੁਨੀਆ 'ਚ ਭਾਰਤ ਦੀ ਸ਼ਾਨ ਨੂੰ ਹੋਰ ਉੱਚਾ ਕਰੇਗਾ।

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਕੀਤੇ ਜਾ ਰਹੇ ਭੂਮੀ ਪੂਜਨ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਫਿਲਹਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਆਰਆਰਐਸ ਦੇ ਹਥਠੋਕੇ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਯੁੱਧਿਆ ਵਿਚਲੇ ਇਸ ਸਮਾਗਮ ਲਈ ਸੱਦਾ ਪੱਤਰ ਆਇਆ ਸੀ ਪਰ ਉਨ੍ਹਾਂ ਨੇ ਇਸ ਸਮਾਗਮ ਵਿਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।