ਰੁਕ ਨਹੀਂ ਰਹੀਆਂ ਗਿਆਨੀ ਇਕਬਾਲ ਸਿੰਘ ਦੀਆਂ ਮੁਸ਼ਕਲਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਬੀਆਂ ਦੇ ਵਫ਼ਦ ਨੇ ਜਥੇਦਾਰ ਨੂੰ ਮਿਲ ਕੇ ਕਿਹਾ, ਇਕਬਾਲ ਸਿੰਘ ਨੂੰ ਸਖ਼ਤ ਸਜ਼ਾ ਦਿਤੀ ਜਾਵੇ

Giani Iqbal Singh

ਅੰਮ੍ਰਿਤਸਰ : ਧੋਖੇ ਨਾਲ ਵਿਆਹ ਕਰਵਾਉਣ ਦੇ ਦੋਸ਼ਾਂ ਸਮੇਤ ਵੱਖ ਵੱਖ ਦੋਸ਼ਾਂ ਵਿਚ ਘਿਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਮੁਸ਼ਕਲਾਂ ਵਿਚ ਉਸ ਸਮੇਂ ਹੋਰ ਵਾਧਾ ਹੋਇਆ ਜਦੋਂ ਦਿੱਲੀ ਤੋਂ ਬੀਬੀਆਂ ਦਾ ਇਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਾ। ਇਸ ਵਫ਼ਦ ਵਿਚ ਸ਼ਾਮਲ ਬੀਬੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ੍ਰਤ ਸਿੰਘ ਕੋਲੋਂ ਮੰਗ ਕੀਤੀ ਕਿ ਗਿਆਨੀ ਇਕਬਾਲ ਸਿੰਘ ਨੇ  ਜਿਨ੍ਹਾਂ ਬੀਬੀਆਂ ਦੀ ਜ਼ਿੰਦਗੀ ਰੋਲੀ ਹੈ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਏ।

ਵਫ਼ਦ ਦੀ ਅਗਵਾਈ ਕਰ ਰਹੀ ਬੀਬੀ ਸੁਰਬੀਰ ਕੌਰ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਬੀਬੀ ਬਲਜੀਤ ਕੌਰ ਨਾਲ ਧੋਖੇ ਨਾਲ ਵਿਆਹ ਕੀਤਾ ਤੇ ਉਸ ਦੀ ਮਾਰਕੁਟਾਈ ਕੀਤੀ, ਘਰੋਂ ਕਢਿਆ ਤੇ ਹੋਰ ਵੀ ਅਤਿਆਚਾਰ ਕੀਤੇ। ਇਸ ਬਾਰੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ 1 ਫ਼ਰਵਰੀ ਨੂੰ ਮੰਗ ਪੱਤਰ ਦੇ ਕੇ ਗਏ ਸਨ ਪਰ ਜਥੇਦਾਰ ਨੇ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ। ਬੀਬੀ ਬਲਜੀਤ ਕੌਰ ਨਾਲ ਧੱਕਾ ਕਰਨ ਕਾਰਨ ਗਿਆਨੀ ਇਕਬਾਲ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ ਤਾਕਿ ਭਵਿੱਖ ਵਿਚ ਕੋਈ ਵੀ ਅਜਿਹੀ ਗ਼ਲਤੀ ਨਾ ਕਰ ਸਕੇ।

ਇਸ ਮੌਕੇ ਬੀਬੀ ਰਵਿੰਦਰ ਕੌਰ ਮੀਤ ਪ੍ਰਧਾਨ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਸੀ ਕਿ ਗਿਆਨੀ ਇਕਬਾਲ ਸਿੰਘ ਚਰਿਤਰਹੀਣ ਵਿਅਕਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਸੀ ਕਿ ਤੁਰਤ ਹੀ ਗਿਆਨੀ ਇਕਬਾਲ ਸਿੰਘ ਨੂੰ ਤਲਬ ਕਰ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਵਫ਼ਦ ਦੀ ਮੈਬਰ ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਧਾਰਮਕ ਅਹੁਦਿਆਂ 'ਤੇ ਬੈਠ ਕੇ ਕੁਕਰਮ ਕਰਨ ਵਾਲੇ ਵਿਅਕਤੀਆਂ ਦਾ ਸਮਾਜਕ ਬਾਈਕਾਟ ਕਰ ਦੇਣਾ ਚਾਹੀਦਾ ਹੈ ਤਾਕਿ ਭਵਿਖ ਵਿਚ ਅਜਿਹੀ ਗ਼ਲਤੀ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀਆਂ ਦੇ ਵਫ਼ਦ ਨੂੰ ਦਸਿਆ ਕਿ ਗਿਆਨੀ ਇਕਬਾਲ ਸਿੰਘ ਮਾਮਲੇ 'ਤੇ ਬਣੀ ਜਾਂਚ ਕਮੇਟੀ ਨੂੰ ਕਿਹਾ ਗਿਆ ਹੈ ਕਿ ਕਮੇਟੀ 15 ਦਿਨ ਵਿਚ ਅਪਣੀ ਰੀਪੋਰਟ ਪੇਸ਼ ਕਰੇ। ਉਨ੍ਹਾਂ ਦਸਿਆ ਕਿ ਜੇਕਰ ਗਿਆਨੀ ਇਕਬਾਲ ਸਿੰਘ ਕਸੂਰਵਾਰ ਪਾਏ ਗਏ ਤਾਂ ਉਨ੍ਹਾਂ ਦਾ ਕੋਈ ਲਿਹਾਜ ਨਹੀ ਕੀਤਾ ਜਾਵੇਗਾ।