ਦੇਸ਼ ਭਰ ਵਿਚ ਮੀਂਹ ਦਾ ਕਹਿਰ, ਮੌਸਮ ਵਿਭਾਗ ਨੇ ਇਹਨਾਂ ਸੂਬਿਆਂ ‘ਚ ਜਾਰੀ ਕੀਤੀ ਚੇਤਾਵਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕਈ ਇਲਾਕਿਆਂ ਵਿਚ ਮਾਨਸੂਨ ਅਪਣੇ ਰੰਗ ਦਿਖਾ ਰਿਹਾ ਹੈ। ਮੀਂਹ ਨਾਲ ਮਹਾਂਨਗਰੀ ਮੁੰਬਈ ਦਾ ਵੀ ਬੁਰਾ ਹਾਲ ਹੋ ਗਿਆ ਹੈ।

Rain

ਮੁੰਬਈ: ਦੇਸ਼ ਦੇ ਕਈ ਇਲਾਕਿਆਂ ਵਿਚ ਮਾਨਸੂਨ ਅਪਣੇ ਰੰਗ ਦਿਖਾ ਰਿਹਾ ਹੈ। ਮੀਂਹ ਨਾਲ ਮਹਾਂਨਗਰੀ ਮੁੰਬਈ ਦਾ ਵੀ ਬੁਰਾ ਹਾਲ ਹੋ ਗਿਆ ਹੈ। ਭਾਰੀ ਮੀਂਹ ਕਾਰਨ ਸ਼ਹਿਰ ਦੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਚੁੱਕਾ ਹੈ। ਸ਼ਹਿਰ ਵਿਚ ਬੀਤੇ ਦੋ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਦੇ ਚਲਦਿਆਂ ਕਈ ਥਾਵਾਂ ‘ਤੇ ਪਾਣੀ ਜਮ੍ਹਾਂ ਹੋ ਗਿਆ ਹੈ। ਉੱਥੇ ਹੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਮੁੰਬਈ ਤੋਂ ਇਲਾਵਾ ਵਿਭਾਗ ਨੇ ਠਾਣੇ, ਪੁਣੇ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲਿਆਂ ਲਈ ਵੀ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਸੋਮਵਾਰ ਤੋਂ ਤੇਜ਼ ਬਾਰਿਸ਼ ਦੇ ਚਲਦਿਆਂ ਸੂਬਾ ਸਰਕਾਰ ਨੇ ਸਾਰੇ ਰਾਜ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਸੀ।

ਮਹਾਰਾਸ਼ਟਰ ਸਰਕਾਰ ਦੇ ਆਦੇਸ਼ ਅਨੁਸਾਰ ਕੱਲ ਸਿਰਫ਼ ਮਹੱਤਵਪੂਰਣ ਸੇਵਾ ਨਾਲ ਸਬੰਧਤ ਲੋਕਾਂ ਨੂੰ ਹੀ ਡਿਊਟੀ ‘ਤੇ ਤਾਇਨਾਤ ਰਹਿਣ ਦੇ ਆਦੇਸ਼ ਦਿੱਤੇ ਗਏ ਸੀ। ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਦੌਰਾਨ ਬੁੱਧਵਾਰ ਨੂੰ ਮੁੰਬਈ ਅਤੇ ਉਸ ਦੇ ਉਪਨਗਰਾਂ ਵਿਚ ਭਾਰੀ ਬਾਰਿਸ਼ ਜਾਰੀ ਰਹੀ। ਸ਼ਹਿਰ ਵਿਚ ਪਿਛਲੇ 12 ਘੰਟਿਆਂ ਤੋਂ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਹੋਈ।

ਮੌਸਮ ਵਿਭਾਗ ਨੇ ਕਿਹਾ, ‘150 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਵਾਲੇ ਪੱਛਮੀ ਉਪਨਗਰਾਂ ‘ਤੇ ਜ਼ਿਆਦਾ ਪ੍ਰਭਾਵ ਪਿਆ ਹੈ’। ਇਸ ਤੋਂ ਇਲਾਵਾ ਅੱਜ ਉੱਤਰ ਪ੍ਰਦੇਸ਼ ਵਿਚ ਵੀ ਬਾਰਿਸ਼ ਹੋ ਸਕਦੀ ਹੈ। ਲਖਨਊ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਅਗਲੇ 3 ਤੋਂ 4 ਘੰਟਿਆਂ ਵਿਚ ਬਾਰਿਸ਼ ਦੀ ਸੰਭਾਵਨਾ ਹੈ। 

ਮੌਸਮ ਦੀ ਜਾਣਕਾਰੀ ਦੇਣ ਵਾਲੀ ਨਿੱਜੀ ਸੰਸਥਾ ਸਕਾਈਮੇਟ ਮੁਤਾਬਕ ਅਗਲੇ ਦੋ ਦਿਨਾਂ ਵਿਚ ਗੁਜਰਾਤ, ਕੇਰਲ, ਗੋਆ ਅਤੇ ਯੂਪੀ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਕੁਝ ਇਲਾਕਿਆਂ ਵਿਚ ਵੀ ਮਾਨਸੂਨ ਮਿਹਰਬਾਨ ਰਹੇਗਾ। ਦਿੱਲੀ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੀ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ।