ਮੀਂਹ ਦੀ ਲੁੱਕਣਮੀਟੀ ਨੇ 'ਪੜ੍ਹਨੇ' ਪਾਏ ਕਿਸਾਨ, ਕਿਤੇ ਸੋਕਾ, ਕਿਤੇ ਡੋਬਾ ਵਾਲੀ ਬਣੀ ਸਥਿਤੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਂਹ ਦੇ ਪਾਣੀ ਨਾਲ ਨਰਮੇ ਦੀ ਫ਼ਸਲ ਤਬਾਹ, ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ

Heavy Rain

ਚੰਡੀਗੜ੍ਹ : ਪੰਜਾਬ ਅੰਦਰ ਮੌਨਸੂਨ ਦੀ ਚੰਗੀ ਸ਼ੁਰੂਆਤ ਦੇ ਬਾਵਜੂਦ ਇਸ ਵੇਲੇ ਕਿਤੇ ਸੋਕਾ ਤੇ ਕਿਤੇ ਡੋਬਾ ਵਾਲੀ ਸਥਿਤੀ ਬਣੀ ਹੋਈ ਹੈ। ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਅੰਦਰ ਭਾਰੀ ਤੋਂ ਦਰਮਿਆਨ ਮੀਂਹ ਵੇਖਣ ਨੂੰ ਮਿਲਿਆ ਸੀ, ਜਦਕਿ ਕੁੱਝ ਥਾਵਾਂ 'ਤੇ ਹਲਕੀ ਬੂੰਦਾ-ਬਾਂਦੀ ਤੋਂ ਬਾਅਦ ਮੌਸਮ ਖੁਸ਼ਕੀ ਵਾਲਾ ਬਣਿਆ ਹੋਇਆ ਹੈ। ਇਨ੍ਹਾਂ ਇਲਾਕਿਆਂ ਅੰਦਰ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫ਼ਸਲਾਂ ਬਚਾਉਣ ਦੇ ਆਹਰ 'ਚ ਹਨ।

ਦੂਜੇ ਪਾਸੇ ਮਾਲਵਾ ਖੇਤਰ 'ਚ ਪਿਛਲੇ ਦਿਨਾਂ ਦੌਰਾਨ ਚੰਗਾ ਮੀਂਹ ਵੇਖਣ ਨੂੰ ਮਿਲਿਆ ਸੀ। ਬਠਿੰਡਾ, ਮਾਨਸਾ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਈ ਥਾਈ ਡੋਬੇ ਵਾਲੀ ਸਥਿਤੀ ਬਣੀ ਹੋਈ ਹੈ। ਫ਼ਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਵਿਚ ਸੈਂਕੜੇ ਏਕੜ ਨਰਮੇ ਦੀ ਫ਼ਸਲ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਗਈ ਹੈ। ਇਸਦੇ ਚਲਦੇ ਹੁਣ ਕਈ ਥਾਈ ਕਿਸਾਨ ਖੇਤਾਂ ਵਿਚ ਨਰਮੇ ਦੀ ਫ਼ਸਲ 'ਤੇ ਹੱਲ ਚਲਾਉਂਦੇ ਹੋਏ ਵਿਖਾਈ ਦੇ ਰਹੇ ਹਨ।

ਸਥਾਨਕ ਪਿੰਡ ਧਰਾਂਗਵਾਲਾ, ਕੁੰਡਲ ਅਤੇ ਤਾਜ਼ਾ ਪੱਟੀ ਆਦਿ 'ਚ ਬਹੁਤ ਸਾਰੇ ਕਿਸਾਨਾਂ ਨੇ ਨਰਮੇ ਦੀ ਬਿਜਾਈ ਕੀਤੀ ਸੀ। ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਇਹ ਫ਼ਸਲਾਂ ਹੁਣ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਮੀਂਹ ਦਾ ਜ਼ਿਆਦਾ ਪਾਣੀ ਇਕੱਠਾ ਹੋਣ ਕਾਰਨ ਫ਼ਸਲਾਂ ਹੁਣ ਝੁਲਣੀਆਂ ਸ਼ੁਰੂ ਹੋ ਗਈਆਂ ਹਨ। ਇਹੀ ਕਾਰਨ ਹੈ ਕਿ ਇਲਾਕੇ 'ਚ ਜ਼ਿਆਦਾਤਰ ਕਿਸਾਨ ਹੁਣ ਖੇਤਾਂ ਵਿਚ ਟਰੈਕਟਰ  ਨਾਲ ਨਰਮੇ ਦੀਆਂ ਫ਼ਸਲਾਂ ਵਾਹੁਣ ਲਈ ਮਜ਼ਬੂਰ ਹਨ। ਕਿਸਾਨਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਫ਼ਸਲਾਂ ਦੀ ਗਿਰਦਾਵਰੀ ਕਰਵਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ।

ਦੂਜੇ ਪਾਸੇ ਪੰਜਾਬ ਦੇ ਕਈ ਇਲਾਕੇ ਅਜਿਹੇ ਵੀ ਹਨ ਜਿੱਥੇ ਕਈ ਦਿਨ ਪਹਿਲਾਂ ਹਲਕੀ ਬਰਸਾਤ ਤੋਂ ਬਾਅਦ ਮੌਸਮ ਲਗਭਗ ਖੁਸ਼ਕ ਹੀ ਚਲਿਆ ਆ ਰਿਹਾ ਹੈ। ਦੁਆਬਾ ਖੇਤਰ ਦੇ ਕਾਫ਼ੀ ਸਾਰੇ ਇਲਾਕੇ ਵੀ ਇਸ ਸਮੇਂ ਬੱਦਲਾਂ ਦੀ ਉਡੀਕ ਹਨ। ਚੰਡੀਗੜ੍ਹ ਤੋਂ ਇਲਾਵਾ ਰੋਪੜ, ਲੁਧਿਆਣਾ ਦੇ ਕੁੱਝ ਹਿੱਸੇ ਅਤੇ ਨਵਾਂ ਸ਼ਹਿਰ ਨੇੜਲੇ ਇਲਾਕਿਆਂ ਅੰਦਰ ਵੀ ਪਿਛਲੇ ਦਿਨਾਂ ਦੌਰਾਨ ਮੀਂਹ ਦੀ ਕਮੀ ਦੇ ਚਲਦਿਆਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਬਲੇਗੌਰ ਹੈ ਕਿ ਪਿਛਲੇ ਸਾਲਾਂ ਦੌਰਾਨ ਵੀ ਮੀਂਹ ਦੀ ਇਹ ਲੁੱਕਣਮੀਟੀ ਕਿਸਾਨਾਂ 'ਤੇ ਭਾਰੀ ਪੈਂਦੀ ਰਹੀ ਹੈ। ਪਿਛਲੇ ਸਾਲ ਵੀ ਅੱਧ ਅਗੱਸਤ ਤੋਂ ਬਾਅਦ ਜਾ ਕੇ ਪਏ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣ ਗਈ ਸੀ। ਇਸ ਤੋਂ ਇਲਾਵਾ ਨਸਾਰੇ 'ਤੇ ਆਏ ਝੋਨੇ ਦੀ ਫ਼ਸਲ ਜ਼ਿਆਦਾ ਮੀਂਹ ਕਾਰਨ ਖ਼ਰਾਬ ਹੋ ਗਈ ਸੀ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਘੱਟ ਝਾੜ ਦੇ ਰੂਪ 'ਚ ਝੱਲਣਾ ਪਿਆ ਸੀ। ਪਿਛਲੇ ਦੋ-ਤਿੰਨ ਸਾਲਾਂ ਤੋਂ ਮੌਸਮ ਦਾ ਮਿਜ਼ਾਜ਼ ਅਜਿਹਾ ਹੀ ਬਣਿਆ ਹੋਇਆ ਹੈ, ਜਦੋਂ ਮੌਨਸੂਨ ਦੀ ਚੰਗੀ ਆਮਦ ਦੇ ਬਾਵਜੂਦ ਕਿਤੇ ਸੋਕਾ ਤੇ ਕਿਤੇ ਡੋਬਾ ਵਾਲੀ ਸਥਿਤੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ। ਇਸ ਸਾਲ ਵੀ ਸਥਿਤੀ ਅਜਿਹੀ ਹੀ ਬਣਦੀ ਜਾਪ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਚਿੰਤਾ ਪਾਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।