ਬੰਬੇ ਹਾਈ ਕੋਰਟ ਦੇ ਜਸਟਿਸ ਰੋਹਿਤ ਬੀ ਦੇਵ ਨੇ ਖੁੱਲ੍ਹੀ ਅਦਾਲਤ ਵਿਚ ਦਿਤਾ ਅਸਤੀਫਾ , ਜਾਣੋ ਵਜ੍ਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤਰ੍ਹਾਂ, ਕਿਸੇ ਜੱਜ ਦਾ ਖੁੱਲ੍ਹੀ ਅਦਾਲਤ ਦੇ ਕਮਰੇ ਵਿਚ ਅਸਤੀਫਾ ਦੇਣ ਦਾ ਇਹ ਸ਼ਾਇਦ ਪਹਿਲਾ ਮਾਮਲਾ ਹੈ।

PHOTO

 

ਮੁੰਬਈ : ਬੰਬੇ ਹਾਈ ਕੋਰਟ ਦੇ ਜਸਟਿਸ ਰੋਹਿਤ ਬੀ ਦੇਵ ਨੇ ਸੁਣਵਾਈ ਦੌਰਾਨ ਖੁੱਲ੍ਹੀ ਅਦਾਲਤ ਵਿੱਚ ਅਸਤੀਫ਼ੇ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਆਮ ਤੌਰ 'ਤੇ ਹਾਈ ਕੋਰਟ ਦੇ ਜੱਜ ਦੇ ਅਸਤੀਫੇ ਜਾਂ ਸੇਵਾਮੁਕਤੀ ਨਾਲ ਸਬੰਧਤ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ। ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ ਜਾਂਦਾ ਹੈ। ਇਸ ਤਰ੍ਹਾਂ, ਕਿਸੇ ਜੱਜ ਦਾ ਖੁੱਲ੍ਹੀ ਅਦਾਲਤ ਦੇ ਕਮਰੇ ਵਿਚ ਅਸਤੀਫਾ ਦੇਣ ਦਾ ਇਹ ਸ਼ਾਇਦ ਪਹਿਲਾ ਮਾਮਲਾ ਹੈ।

ਇਕ ਨਿਊਜ਼ ਚੈਨਲ ਮੁਤਾਬਕ ਹਾਈ ਕੋਰਟ ਦੀ ਨਾਗਪੁਰ ਬੈਂਚ 'ਚ ਕੰਮ ਕਰ ਰਹੇ ਰੋਹਿਤ ਬੀ ਦੇਵ ਨੇ ਉੱਥੇ ਮੌਜੂਦ ਸਾਰੇ ਲੋਕਾਂ ਤੋਂ ਮੁਆਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕਾਰਨ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮਾਫੀ ਚਾਹੁੰਦਾ ਹਾਂ।

ਬੀ ਦੇਵ ਨੇ ਪ੍ਰੋਫੈਸਰ ਜੀਐਨ ਸਾਈਬਾਬਾ ਨੂੰ ਪਿਛਲੇ ਸਾਲ ਨਕਸਲੀ ਸਬੰਧਾਂ ਦੇ ਮਾਮਲੇ ਵਿਚ ਬਰੀ ਕਰ ਦਿਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਸ ਨੂੰ ਮੁਅੱਤਲ ਕਰ ਦਿਤਾ ਸੀ। ਜਸਟਿਸ ਰੋਹਿਤ ਬੀ ਦੇਵ ਨੂੰ ਸਾਲ 2017 ਵਿਚ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਸੀ। ਜੱਜ ਵਜੋਂ ਨਿਯੁਕਤੀ ਤੋਂ ਪਹਿਲਾਂ, ਉਹ ਰਾਜ ਦੇ ਐਡਵੋਕੇਟ ਜਨਰਲ ਸਨ। ਉਹ ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਐਡੀਸ਼ਨਲ ਸਾਲਿਸਟਰ ਜਨਰਲ ਵੀ ਰਹਿ ਚੁੱਕੇ ਹਨ। ਬੀ ਦੇਵ ਨੇ 4 ਦਸੰਬਰ 2025 ਨੂੰ ਸੇਵਾਮੁਕਤ ਹੋਣਾ ਸੀ ਪਰ ਉਨ੍ਹਾਂ ਨੇ ਕਰੀਬ ਢਾਈ ਸਾਲ ਪਹਿਲਾਂ ਹੀ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ।

ਹਾਲ ਹੀ ਵਿਚ, ਜਸਟਿਸ ਰੋਹਿਤ ਬੀ ਦੇਵ ਦੀ ਅਗਵਾਈ ਵਾਲੇ ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਸਮਰਿਧੀ ਐਕਸਪ੍ਰੈਸਵੇਅ ਪ੍ਰੋਜੈਕਟ 'ਤੇ ਕੰਮ ਕਰ ਰਹੇ ਠੇਕੇਦਾਰਾਂ ਵਿਰੁਧ ਸ਼ੁਰੂ ਕੀਤੀ ਗਈ ਦੰਡਕਾਰੀ ਕਾਰਵਾਈ ਨੂੰ ਰੱਦ ਕਰਨ ਦਾ ਅਧਿਕਾਰ ਦੇਣ ਵਾਲੇ ਇੱਕ ਸਰਕਾਰੀ ਮਤੇ 'ਤੇ ਰੋਕ ਲਗਾ ਦਿਤੀ।