ਰਿਹਾਈ ਤੋਂ ਬਾਅਦ ਪਾਕਿਸਤਾਨੀ ਕੈਦੀ ਨਾਲ ਲੈ ਗਿਆ ਸ਼ੀਮਦਭਾਗਵਤ ਗੀਤਾ ਤੇ ਡਿਗਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤੱਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਕੇਂਦਰੀ ਜੇਲ ਵਿਚ 16 ਸਾਲ ਤੋਂ ਬੰਦ ਪਾਕਿਸਤਾਨੀ ਕੈਦੀ ਜ਼ਲਾਲੂਦੀਨ ਉਰਫ ਜ਼ਲਾਲੂ ਦੀ ਬੀਤੇ ਦਿਨ ਰਿਹਾਈ ਹੋ ਗਈ।

pakistani prisoner released

ਵਾਰਾਣਸੀ ( ਪੀਟੀਆਈ ) : ਉਤੱਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਕੇਂਦਰੀ ਜੇਲ ਵਿਚ 16 ਸਾਲ ਤੋਂ ਬੰਦ ਪਾਕਿਸਤਾਨੀ ਕੈਦੀ ਜ਼ਲਾਲੂਦੀਨ ਉਰਫ ਜ਼ਲਾਲੂ ਦੀ ਬੀਤੇ ਦਿਨ ਰਿਹਾਈ ਹੋ ਗਈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਉਸ ਨੂੰ ਅੰਮ੍ਰਿਤਸਰ ਲਈ ਰਵਾਨਾ ਕਰ ਦਿਤਾ ਗਿਆ। ਜਿਥੇ ਵਾਘਾ ਬਾਰਡਰ ਦੇ ਰਸਤੇ ਉਸ ਨੂੰ ਪਾਕਿਸਤਾਨ ਦੇ ਹਵਾਲੇ ਕਰ ਦਿਤਾ ਜਾਵੇਗਾ। ਜ਼ਲਾਲੂਦੀਨ ਵਾਰਾਣਸੀ ਦੀ ਕੇਂਦਰੀ ਜੇਲ ਵਿਚੋਂ ਅਪਣੇ ਨਾਲ ਸ਼੍ਰੀਮਦਭਾਗਵਤ ਗੀਤਾ ਅਤੇ ਇੰਟਰ ਤੋਂ ਐਮਏ ਤੱਕ ਦੀਆਂ ਡਿਗਰੀਆਂ ਵੀ ਨਾਲ ਲੈ ਗਿਆ।

ਸਾਲ 2001 ਵਿਚ ਜ਼ਲਾਲੂਦੀਨ ਵਾਰਾਣਸੀ ਦੇ ਕੈਂਟੋਨਮੈਂਟ ਖੇਤਰ ਵਿਚ ਏਅਰਫੋਰਸ ਦਫਤਰ ਦੇ ਨੇੜੇ ਸ਼ੱਕੀ ਕਾਗਜ਼ਾਂ ਦੇ ਨਾਲ ਗਿਰਫਤਾਰ ਹੋਇਆ ਸੀ। ਪਾਕਿਸਤਾਨ ਦੇ ਸਿੰਧ ਰਾਜ ਦੇ ਠੱਠੀ ਜ਼ਿਲ੍ਹੇ ਦਾ ਰਹਿਣ ਵਾਲਾ ਜ਼ਲਾਲੂਦੀਨ ਏਅਰਫੋਰਸ ਖੇਤਰ ਨੇੜੇ ਗੁਪਤ ਦਸਤਾਵੇਜਾਂ ਨਾਲ ਗਿਰਫਤਾਰ ਹੋਇਆ ਸੀ। ਉਸ ਦੇ ਕੋਲ ਫ਼ੌਜੀ ਠਿਕਾਣਿਆਂ ਤੋਂ ਇਲਾਵਾ ਹੋਰ ਮਹੱਤਵਪੂਰਨ ਥਾਵਾਂ ਦੇ ਨਕਸ਼ੇ ਵੀ ਬਰਾਮਦ ਹੋਏ ਸਨ। ਇਸ ਮਾਮਲੇ ਵਿਚ ਅਦਾਲਤ ਨੇ ਉਸ ਨੂੰ 33 ਸਾਲ ਬਾਮਸ਼ਕੱਤ ਸਜ਼ਾ ਸੁਣਾਈ ਸੀ। ਵੱਖ-ਵੱਖ ਮਾਮਲਿਆਂ ਵਿਚ 33 ਸਾਲ ਦੀ ਸਜ਼ਾ ਪਾਉਣ ਤੋਂ ਬਾਅਦ ਜ਼ਲਾਲੂਦੀਨ ਨੇ ਹਾਈ ਕੋਰਟ ਨੂੰ ਅਪੀਲ ਕੀਤੀ

ਕਿ ਉਸ ਦੇ ਸਾਰੇ ਮੁਕੱਦਮਿਆਂ ਨੂੰ ਇਕ ਕਰਕੇ ਉਸ ਨੂੰ ਸਜਾ ਸੁਣਾਈ ਜਾਵੇ। ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਤੋਂ ਬਾਅਦ ਜ਼ਲਾਲੂਦੀਨ ਦੀ ਸਜ਼ਾ 33 ਸਾਲ ਤੋਂ ਘਟਾ ਕੇ 16 ਕਰ ਦਿਤੀ ਸੀ। ਹਾਲਾਂਕਿ 14 ਅਗਸਤ 2017 ਨੂੰ ਹੀ ਕੇਂਦਰੀ ਜੇਲ ਪ੍ਰਸ਼ਾਸਨ ਨੂੰ ਜ਼ਲਾਲੂਦੀਨ ਨੂੰ ਰਿਹਾ ਕਰਨ ਦਾ ਹੁਕਮ ਮਿਲ ਗਿਆ ਸੀ ਪਰ ਉਸ ਦੀ ਟਰੈਵਲਿੰਗ ਰਿਪੋਰਟ ਦੇ ਨਾਲ ਪਾਕਿਸਤਾਨ ਦੀ ਰਿਪੋਰਟ ਦਾ ਇੰਤਜ਼ਾਰ ਸੀ। ਗ੍ਰਹਿ ਮੰਤਰਾਲੇ ਅਤੇ ਪਾਕਿਸਤਾਨ ਤੋਂ ਮਿਲੀ ਰਿਪੋਰਟ ਤੋਂ ਬਾਅਦ ਹੀ ਕੈਦੀ ਜ਼ਲਾਲੂਦੀਨ ਦੀ ਰਿਹਾਈ ਹੋ ਸਕੀ।

ਉਸ ਨੂੰ ਵਾਘਾ ਬਾਰਡਰ ਤੋਂ ਪਾਕਿਸਤਾਨ ਭੇਜਿਆ ਜਾਵੇਗਾ। ਸਾਲ 2001 ਵਿਚ ਭਾਰਤ ਦੀ ਜੇਲ ਵਿਚ ਬੰਦ ਜ਼ਲਾਲੂਦੀਨ ਨੇ ਪਾਕਿਸਤਾਨ ਜਾਣ ਤੋਂ ਪਹਿਲਾਂ ਲਿਖਿਆ ਕਿ ਉਸ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਭਾਰਤ ਦੀ ਜੇਲ ਵਿਚ ਹੈ। ਉਸ ਨੂੰ ਇਥੇ ਪਰਵਾਰ ਜਿੰਨਾ ਹੀ ਪਿਆਰ ਮਿਲਿਆ। ਜੇਲ ਪ੍ਰਸ਼ਾਸਨ ਤੋਂ ਲੈਕੇ ਕੈਦੀ ਤੱਕ ਮੇਰਾ ਖਿਆਲ ਰੱਖਦੇ ਸੀ। ਉਸ ਨੇ ਭਾਰਤ-ਪਾਕਿਸਤਾਨ ਦੇ ਨਾਲ ਆਉਣ ਦੀ ਆਸ ਵੀ ਪ੍ਰਗਟ ਕੀਤੀ।

ਕੇਂਦਰੀ ਜੇਲ ਦੇ ਮੁਖੀ ਅੰਬਰੀਸ਼ ਗੌੜ ਨੇ ਦੱਸਿਆ ਕਿ ਜ਼ਲਾਲੂਦੀਨ ਦੇ ਸਾਰੇ ਕੈਦੀਆਂ ਨਾਲ ਵਧੀਆ ਸੰਬੰਧ ਸਨ। ਜਦੋਂ ਉਹ ਇਸ ਜੇਲ ਵਿਚ ਆਇਆ ਸੀ ਤਾਂ ਹਾਈ ਸਕੂਲ ਪਾਸ ਹੀ ਸੀ। ਜੇਲ ਵਿਚ ਸਜ਼ਾ ਕੱਟਦਿਆਂ ਉਸ ਨੇ ਇੰਟਰ ਬੀਏ ਅਤੇ ਫਿਰ ਐਮਏ ਦੀ ਪੜਾਈ ਵੀ ਇਥੋਂ ਹੀ ਕੀਤੀ। ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਇਥੋ ਹੀ ਇਲੈਕਟਰੀਸ਼ੀਅਨ ਦਾ ਕੋਰਸ ਵੀ ਕੀਤਾ। ਜੇਲ ਤੋਂ ਜਾਂਦੇ ਹੋਏ ਉਸ ਨੇ ਅਪਣੀ ਡਿਗਰੀਆਂ ਤੋਂ ਇਲਾਵਾ ਸ਼੍ਰੀਮਦਭਾਗਵਤ ਗੀਤਾ ਲਿਜਾਣ ਦੀ ਇੱਛਾ ਪ੍ਰਗਟ ਕੀਤੀ ਜਿਸ ਨੂੰ ਜੇਲ ਪ੍ਰਸ਼ਾਸਨ ਨੇ ਪੂਰਾ ਕੀਤਾ।