ਭਾਜਪਾ ਸੰਸਦ ਹੰਸਰਾਜ ਹੰਸ ਦੇ ਦਫ਼ਤਰ ਅੱਗੇ ਫਾਈਰਿੰਗ
ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ, ਮੁਲਜ਼ਮ ਨੇ ਫਾਈਰਿੰਗ ਕਰਨ ਦਾ ਦੱਸਿਆ ਅਜ਼ੀਬ ਕਾਰਨ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਰੋਹਿਣੀ ਦਿੱਲੀ ਵਿਖੇ ਸਥਿਤ ਦਫ਼ਤਰ ਦੇ ਬਾਹਰ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇਕ ਵਿਅਕਤੀ ਨੇ ਅਚਾਨਕ ਦਫ਼ਤਰ ਦੇ ਅੱਗੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਵਾਲੇ ਇਸ ਵਿਅਕਤੀ ਦੀ ਤਸਵੀਰ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਵਿਚ ਹੋ ਗਈ ਅਤੇ ਕੁੱਝ ਲੋਕਾਂ ਨੇ ਉਸ ਦੀ ਵੀਡੀਓ ਵੀ ਬਣਾ ਲਈ। ਇਹ ਘਟਨਾ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਵਾਪਰੀ, ਜਦੋਂ ਇਕ ਵਿਅਕਤੀ ਨੇ ਕਾਰ ਵਿਚੋਂ ਉਤਰ ਕੇ ਹੰਸਰਾਜ ਹੰਸ ਦੇ ਦਫ਼ਤਰ ਅੱਗੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਫਾਈਰਿੰਗ ਕਰਨ ਵਾਲੇ ਵਿਅਕਤੀ ਨੇ 3 ਰਾਊਂਡ ਫਾਇਰ ਕੀਤੇ ਪਰ ਗ਼ਨੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਤਿੰਨ ਘੰਟੇ ਦੇ ਅੰਦਰ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ 51 ਸਾਲਾ ਰਾਮੇਸ਼ਵਰ ਪਹਿਲਵਾਨ ਦੇ ਰੂਪ ਵਿਚ ਹੋਈ ਹੈ। ਜਿਸ ਨੇ ਹਮਲੇ ਸਮੇਂ ਕੇਸਰੀ ਰੰਗ ਦਾ ਕੁਰਤਾ ਅਤੇ ਸਫੈਦ ਰੰਗ ਦਾ ਪਜ਼ਾਮਾ ਪਹਿਨਿਆ ਹੋਇਆ ਸੀ। ਪੁਲਿਸ ਨੇ ਉਸ ਦੇ ਵਿਰੁੱਧ ਧਾਰਾ 336 ਅਤੇ 427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਫਾਈਰਿੰਗ ਕਰਨ ਸਮੇਂ ਇਹ ਵਿਅਕਤੀ ਚੀਕ-ਚੀਕ ਕੇ ਹੰਸਰਾਜ ਹੰਸ ਨੂੰ ਮਿਲਣ ਦੀ ਗੱਲ ਕਹਿ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਉਸ ਨੂੰ ਭਾਜਪਾ ਸੰਸਦ ਨੇ ਮਿਲਣ ਦਾ ਸਮਾਂ ਦਿੱਤਾ ਸੀ ਪਰ ਉਹ ਨਹੀਂ ਮਿਲੇ। ਜਿਸ ਕਾਰਨ ਉਸ ਨੇ ਗੁੱਸੇ ਵਿਚ ਆ ਕੇ ਇਹ ਕੰਮ ਕੀਤਾ। ਫਿਲਹਾਲ ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਫਾਈਰਿੰਗ ਕਰਨ ਪਿੱਛੇ ਕੋਈ ਹੋਰ ਸਾਜਿਸ਼ ਤਾਂ ਨਹੀਂ ਸੀ। ਦੱਸ ਦਈਏ ਕਿ ਹੰਸਰਾਜ ਹੰਸ ਇਕ ਪੰਜਾਬੀ ਸੂਫ਼ੀ ਗਾਇਕ ਵੀ ਹਨ। ਦਿੱਲੀ ਤੋਂ ਭਾਜਪਾ ਸਾਂਸਦ ਹੰਸਰਾਜ ਹੰਸ ਨੇ ਅਪਣੇ ਵਿਰੋਧੀ ਨੂੰ 5 ਲੱਖ ਤੋਂ ਵੀ ਜ਼ਿਆਦਾ ਰਿਕਾਰਡ ਵੋਟਾਂ ’ਤੇ ਮਾਤ ਦਿੱਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।