ਟਵਿੱਟਰ ਵੱਲੋਂ ਭਾਰਤ ਵਿਚ ਮਾਰਕੀਟਿੰਗ, ਸੰਚਾਰ ਤੇ ਸੇਲਜ਼ ਟੀਮਾਂ ਵਿਚ ਛਾਂਟੀ ਸ਼ੁਰੂ, ਕਈ ਕਰਮਚਾਰੀਆਂ ਨੂੰ ਭੇਜੀ ਮੇਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਮਸਕ ਨੇ ਕੰਪਨੀ ਦੀ ਕਮਾਈ ਵਿਚ ਹੋਏ ਨੁਕਸਾਨ ਲਈ 'ਕਾਰਕੁੰਨਾਂ' ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Twitter

 

ਨਵੀਂ ਦਿੱਲੀ: ਟਵਿੱਟਰ ਨੇ ਵਿਸ਼ਵ ਪੱਧਰ 'ਤੇ ਆਪਣੇ ਕਰਮਚਾਰੀਆਂ ਦੀ ਗਿਣਤੀ ਵਿਚ ਕਟੌਤੀ ਕਰਨ ਦੀ ਯੋਜਨਾ ਦੇ ਤਹਿਤ ਭਾਰਤ ਵਿਚ ਆਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਇਸ ਛਾਂਟੀ ਤੋਂ ਪਹਿਲਾਂ ਕੰਪਨੀ ਦੇ ਭਾਰਤ ਵਿਚ 200 ਤੋਂ ਵੱਧ ਕਰਮਚਾਰੀ ਕੰਮ ਕਰਦੇ ਸਨ। ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਪਿਛਲੇ ਹਫਤੇ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪਰਾਗ ਅਗਰਵਾਲ ਦੇ ਨਾਲ-ਨਾਲ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ।

ਇਸ ਦੌਰਾਨ ਮਸਕ ਨੇ ਕੰਪਨੀ ਦੀ ਕਮਾਈ ਵਿਚ ਹੋਏ ਨੁਕਸਾਨ ਲਈ 'ਕਾਰਕੁੰਨਾਂ' ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਟਵੀਟ ਕੀਤਾ, '''ਕਾਰਕੁੰਨ ਸਮੂਹ ਨੇ ਇਸ਼ਤਿਹਾਰ ਦੇਣ ਵਾਲਿਆਂ 'ਤੇ ਭਾਰੀ ਦਬਾਅ ਪਾਇਆ, ਜਿਸ ਨਾਲ ਟਵਿੱਟਰ ਦੇ ਮਾਲੀਏ 'ਚ ਭਾਰੀ ਨੁਕਸਾਨ ਹੁੰਦਾ ਹੈ। ਸਮੱਗਰੀ ਦੀ ਨਿਗਰਾਨੀ ਕਰਨ ਨਾਲ ਵੀ ਕੁਝ ਨਹੀਂ ਬਦਲਿਆ। ਉਹ ਅਮਰੀਕਾ ਵਿਚ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੇ ਹਨ”।

ਸੂਤਰਾਂ ਨੇ ਕਿਹਾ ਕਿ ਇੰਜੀਨੀਅਰਿੰਗ, ਸੇਲਜ਼ ਅਤੇ ਮਾਰਕੀਟਿੰਗ ਅਤੇ ਸੰਚਾਰ ਟੀਮਾਂ ਵਿਚ ਛਾਂਟੀ ਕੀਤੀ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਵਿਚ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ ਮੁਆਵਜ਼ੇ ਵਜੋਂ ਕਿੰਨਾ ਭੁਗਤਾਨ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਵਿਚ ਪੂਰੇ ਮਾਰਕੀਟਿੰਗ ਅਤੇ ਸੰਚਾਰ ਵਿਭਾਗ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

ਟਵਿੱਟਰ ਇੰਡੀਆ ਦੇ ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, "ਛਾਂਟੀਆਂ ਸ਼ੁਰੂ ਹੋ ਗਈਆਂ ਹਨ। ਮੇਰੇ ਕੁਝ ਸਾਥੀਆਂ ਨੂੰ ਈਮੇਲ ਰਾਹੀਂ ਇਸ ਬਾਰੇ ਜਾਣਕਾਰੀ ਮਿਲੀ ਹੈ”। ਇਕ ਹੋਰ ਸੂਤਰ ਨੇ ਕਿਹਾ ਕਿ ਛਾਂਟੀ ਨੇ ਭਾਰਤੀ ਟੀਮ ਦੇ "ਮਹੱਤਵਪੂਰਨ ਹਿੱਸੇ" ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਛਾਂਟੀ ਦੇ ਪੂਰੇ ਵੇਰਵੇ ਅਜੇ ਪਤਾ ਨਹੀਂ ਹਨ।