ਅੰਨ੍ਹੇਵਾਹ ਗੋਲੀਬਾਰੀ 'ਚ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੋ ਜ਼ਖ਼ਮੀ
ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਾਂਦਾ - ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਬਾਬੇਰੂ ਕੋਤਵਾਲੀ ਇਲਾਕੇ ਵਿੱਚ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਕੁਝ ਵਿਅਕਤੀਆਂ ਵੱਲੋਂ ਚਲਾਈ ਗੋਲੀ ਨਾਲ ਇੱਕ ਹੀ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ।
ਜ਼ਿਲ੍ਹਾ ਵਧੀਕ ਪੁਲਿਸ ਸੁਪਰਡੈਂਟ ਲਕਸ਼ਮੀ ਨਿਵਾਸ ਮਿਸ਼ਰਾ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਪਿੰਡ ਬੇਰਾਓ ਦੇ ਅਮਰੀਆ ਪੁਰਵਾ 'ਚ ਹੋਏ ਝਗੜੇ ਕਾਰਨ ਇੱਕ ਧਿਰ ਨੇ ਲਾਇਸੰਸੀ ਹਥਿਆਰਾਂ ਨਾਲ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਇੱਕ ਪਰਿਵਾਰ ਦੇ ਛੋਟੇਲਾਲ ਯਾਦਵ (55) ਅਤੇ ਉਸ ਦੀ ਚਚੇਰੀ ਭੈਣ ਸ਼ਾਰਦਾ (45) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੋਲੀ ਲੱਗਣ ਕਾਰਨ ਦੋ ਲੜਕੇ ਕਰਨ (25) ਅਤੇ ਅਵਧੇਸ਼ (22) ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਦੱਸਿਆ ਗਿਆ ਹੈ ਕਿ ਜ਼ਖਮੀ ਕਰਨ ਅਤੇ ਅਵਧੇਸ਼ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਦੋ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਏ.ਐਸ.ਪੀ ਨੇ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਪਿੰਡ ਵਿੱਚ ਲੋੜੀਂਦੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ।