ਨੀਰਵ ਮੋਦੀ ਭਗੌੜਾ ਕਰਾਰ, ਹੁਣ ਜਾਇਦਾਦਾਂ ਹੋਣਗੀਆਂ ਜ਼ਬਤ
ਅਦਾਲਤ ਨੇ 15 ਜਨਵਰੀ ਨੂੰ ਪੇਸ਼ ਹੋਣ ਦਾ ਦਿੱਤਾ ਹੁਕਮ
ਅਦਾਲਤ ਨੇ ਅੱਜ ਵੀਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿਚ ਨੀਰਵ ਮੋਦੀ ਨੂੰ ਭਗੌੜਾ ਕਰਾਰ ਦਿੱਤਾ ਹੈ। ਇਹ ਕਾਰਵਾਈ ਆਰਥਿਕ ਅਪਰਾਧੀ ਕਾਨੂੰਨ ਅਧੀਨ ਕੀਤੀ ਗਈ ਹੈ। ਨੀਰਵ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਬਾਅਦ 'ਚ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੱਲ੍ਹ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਅਤੇ ਦੋ ਹੋਰਨਾਂ ਵਿਰੁੱਧ ਮੁਨਾਦੀ ਦਾ ਹੁਕਮ ਜਾਰੀ ਕੀਤਾ ਸੀ। ਨਾਲ ਹੀ ਇਨ੍ਹਾਂ ਮੁਲਜ਼ਮਾਂ ਨੂੰ 15 ਜਨਵਰੀ ਨੂੰ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਹੈ। ਅਜਿਹਾ ਨਾ ਕਰਨ ਉੱਤੇ ਹੀ ਅਦਾਲਤ ਨੇ ਨੀਰਵ ਸਮੇਤ ਹੋਰ ਮੁਲਜ਼ਮਾਂ ਨੂੰ ਭਗੌੜਾ ਅਪਰਾਧੀ ਐਲਾਨਿਆ ਹੈ।
ਵਿਸ਼ੇਸ਼ ਜੱਜ ਵੀਸੀ ਬੋਰਡੇ ਨੇ ਪੇਸ਼ ਹੋਣ ਦਾ ਹੁਕਮ ਨੀਰਵ, ਉਸਦੇ ਭਰਾ ਨੀਸ਼ਾਲ ਮੋਦੀ ਦੇ ਨੇੜਲੇ ਸਹਿਯੋਗੀ ਸੁਭਾਸ਼ ਪਰਬ ਵਿਰੁੱਧ ਜਾਰੀ ਕੀਤਾ। ਕਾਨੂੰਨ ਮੁਤਾਬਕ ਅਦਾਲਤ ਦੇ ਇਕ ਵਾਰੀ ਮੁਨਾਦੀ ਹੁਕਮ ਜਾਰੀ ਹੋਣ ਤੋਂ ਬਾਅਦ ਮੁਲਜ਼ਮਾਂ ਲਈ ਨਿਸ਼ਚਤ ਸਮਾਂ-ਸੀਮਾਂ ਅੰਦਰ ਪੇਸ਼ ਹੋਣਾ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਹੋਣ 'ਤੇ ਉਸਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਹੈ।
ਇਕ ਵਾਰ ਜਿਸ ਵਿਅਕਤੀ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਜਾਂਦਾ ਹੈ ਤਾਂ ਜਾਂਚ ਏਜੰਸੀ ਦੇਸ਼ ਵਿਚ ਮੌਜੂਦ ਉਸ ਦੀ ਸੰਪਤੀ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਪੀਐੱਨਬੀ ਘੁਟਾਲੇ 'ਚ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਮੁੱਖ ਮੁਲਜ਼ਮ ਹਨ।
ਨੀਰਵ ਇਨ੍ਹੀਂ ਦਿਨੀਂ ਲੰਦਨ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੀ ਭਾਰਤ ਹਵਾਲਗੀ ਦਾ ਮਾਮਲਾ ਮੁਤਲਵੀ ਪਿਆ ਹੈ। ਨੀਸ਼ਾਲ ਅਤੇ ਪਰਬ ਬਾਰੇ ਹਾਲੇ ਕਿਸੇ ਨੂੰ ਕੁੱਝ ਨਹੀਂ ਪਤਾ ਕਿ ਉਹ ਕਿੱਥੇ ਹਨ।