ਐੱਸਪੀ ਨੇ ਔਰਤ ਨੂੰ ਪਹੁੰਚਾਇਆ ਸੁਰੱਖਿਅਤ ਘਰ, ਅਗਲੇ ਦਿਨ ਹੋ ਗਿਆ ਤਬਾਦਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਿਤ ਕੁਮਾਰ ਪ੍ਰਥਮ ਨੂੰ ਹਰਦੋਈ ਦਾ ਬਣਾਇਆ ਗਿਆ ਨਵਾਂ ਐੱਸਪੀ

File Photo

ਲਖਨਉ : ਹਰਦੋਈ ਜਿਲ੍ਹੇ ਦੇ ਐੱਸਪੀ ਰਹੇ ਆਲੋਕ ਪ੍ਰਿਏਦਰਸ਼ੀ ਨੇ ਸੋਮਵਾਰ ਦੇਰ ਰਾਤ ਕੰਮ ਕਰਕੇ ਵਾਪਸ ਆ ਰਹੀ ਇਕ ਲੜਕੀ ਨੂੰ ਨਾ ਸਿਰਫ਼ ਘਰ ਪਹੁੰਚਾਇਆ ਬਲਕਿ ਉਸਦੀ ਸੰਸਥਾ ਦੇ ਲੋਕਾਂ ਨੂੰ ਵੀ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਵਿਚ ਢਿੱਲ ਨਾ ਵਰਤਣ ਦੀ ਹਦਾਇਤ ਵੀ ਦਿੱਤੀ ਜਿੱਥੇ ਉਹ ਲੜਕੀ ਕੰਮ ਕਰਦੀ ਹੈ। ਮੌਕੇ ਤੇ ਮੌਜੂਦ ਕੁੱਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।

ਘਟਨਾ ਮੁਤਾਬਕ ਆਲੋਕ ਪ੍ਰਿਏਦਰਸ਼ੀ ਪੁਲਿਸ ਲਾਈਨ ਵਿਚ ਇਕ ਮੀਟਿੰਗ ਕਰਕੇ ਸੋਮਵਾਰ ਰਾਤ ਕਰੀਬ 11 ਵਜ਼ੇ ਆਪਣੇ ਘਰ ਆ ਰਹੇ ਸਨ। ਉਦੋਂ ਹੀ ਨੁਮਾਇਸ਼ ਚੌਰਾਹੇ ‘ਤੇ ਉਨ੍ਹਾਂ ਨੇ ਸੁੰਨਸਾਨ ਸੜਕ 'ਤੇ ਇਕ ਲੜਕੀ ਇੱਕਲੀ ਜਾਂਦੀ ਵੇਖੀ। ਉਨ੍ਹਾਂ ਨੇ ਗੱਡੀ ਤੋਂ ਉਤਰ ਕੇ ਲੜਕੀ ਨੂੰ ਇੱਕਲੇ ਘਰ ਜਾਣ ਦਾ ਕਾਰਨ ਪੁੱਛਿਆ ਤਾਂ ਪਤਾ ਚੱਲਿਆ ਕਿ ਉਹ ਸ਼ਹਿਰ ਦੇ ਹੋਟਲ ਬਸੰਤੀਲਾਲ ਵਿਚ ਕੰਮ ਕਰਦੀ ਹੈ ਅਤੇ ਕੰਮ ਵਿਚ ਦੇਰ ਹੋਣ ਕਾਰਨ ਇੱਕਲੇ ਘਰ ਜਾ ਰਹੀ ਹੈ। ਇਹ ਸੁਣ ਕੇ ਐੱਸਪੀ ਲੜਕੀ ਨਾਲ ਪੈਦਲ ਹੀ ਹੋਟਲ ਪਹੁੰਚ ਗਏ ਅਤੇ ਮਹਿਲਾ ਕਰਮਚਾਰੀਆਂ ਨੂੰ ਰਾਤ ਵੇਲੇ ਇੱਕਲੇ ਘਰ ਭੇਜਣ ‘ਤੇ ਪ੍ਰਬੰਧਕਾ ਨੂੰ ਤਾੜਿਆ। ਉਨ੍ਹਾਂ ਨੇ ਹਦਾਇਤ ਦਿੱਤੀ ਕਿ ਸੰਸਥਾਨ ਵਿਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਦੇਰ ਰਾਤ ਕੰਮ ਕਰਦੀ ਹੈ ਤਾਂ ਉਸਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਜਿੰਮ੍ਹੇਵਾਰੀ ਵੀ ਉਸੇ ਸੰਸਥਾਨ ਦੀ ਹੋਵੇਗੀ।

ਆਲੋਕ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਇੱਥੇ ਹੀ ਨਹੀਂ ਛੱਡਿਆ ਬਲਕਿ ਮੰਗਲਵਾਰ ਨੂੰ ਜਿਲ੍ਹੇ ਦੇ ਕਈਂ ਹੋਟਲ ਚਾਲਕਾਂ ਦੀ ਮੀਟਿੰਗ ਵੀ ਬੁਲਾ ਲਈ। ਉਨ੍ਹਾਂ ਨੇ ਚਾਲਕਾਂ ਨੂੰ ਸਾਫ਼ ਹਿਦਾਇਤ ਦਿੱਤੀ ਕਿ ਮਹਿਲਾ ਕਰਮਚਾਰੀ ਨੂੰ ਰਾਤ ਵੇਲੇ ਘਰ ਤੱਕ ਸਰੁੱਖਿਅਤ ਪਹੁੰਚਾਉਣ ਦੀ ਜਿੰਮ੍ਹੇਵਾਰੀ ਹੋਟਲ ਪ੍ਰਬੰਧਕਾ ਦੀ ਹੋਵੇਗੀ। ਇਸ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਆਲੋਕ ਪ੍ਰਿਏਦਰਸ਼ੀ ਮੰਗਲਵਾਰ ਨੂੰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਕਦਮਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਟਰੇਂਡ ਹੋਏ ਹੀ ਸਨ ਇੰਨੇ ਨੂੰ ਉਨ੍ਹਾਂ ਦੇ ਤਬਾਦਲੇ ਦੀ ਖ਼ਬਰ ਆ ਗਈ। ਉਨ੍ਹਾਂ ਨੂੰ ਹਰਦੋਈ ਤੋਂ ਅੰਬੇਡਕਰਨਗਰ ਭੇਜ ਦਿੱਤਾ ਗਿਆ। ਐਸਟੀਐਫ ਵਾਰਾਣਸੀ ਦੇ ਐੱਸਪੀ ਅਮਿਤ ਕੁਮਾਰ ਪ੍ਰਥਮ ਨੂੰ ਹਰਦੋਈ ਦਾ ਨਵਾਂ ਐਸਪੀ ਬਣਾਇਆ ਗਿਆ ਹੈ।