ਕਿਸਾਨੀ ਸੰਘਰਸ਼ ਬਾਰੇ ਬੋਲੇ ਗੁਰਪ੍ਰੀਤ ਘੁੱਗੀ, 'ਇਹ ਲੜਾਈ ਜ਼ਮੀਨ ਦੀ ਨਹੀਂ ਜ਼ਮੀਰ ਦੀ ਹੈ'
ਕਿਸਾਨਾਂ ਨੇ ਸਿੰਘੂ ਬਾਰਡਰ ਨੂੰ ਬਣਾਇਆ ਸਿੰਘ ਬਾਰਡਰ- ਗੁਰਪ੍ਰੀਤ ਘੁੱਗੀ
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ): ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਸਮਰਥਨ ਦੇਣ ਤੇ ਸੇਵਾ ਕਰਨ ਲਈ ਦਿੱਲੀ ਪਹੁੰਚੇ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਕਿਸੇ ਵਿਅਕਤੀ ਤੋਂ ਕੋਈ ਸਮੱਸਿਆ ਨਹੀਂ ਹੈ। ਆਰਐਸਐਸ ਦੇ ਕਿਸਾਨ ਵਿੰਗ ਨੇ ਵੀ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿੱਤਾ ਹੈ।
ਘੁੱਗੀ ਨੇ ਕਿਹਾ ਕਿ ਉਹ ਨਾ ਭਾਜਪਾ ਨੂੰ ਨਿੰਦਣ ਦਿੱਲੀ ਆਏ ਹਨ ਤੇ ਨਾ ਹੀ ਆਰਐਸਐਸ ਨੂੰ ਨਿੰਦਣ ਆਏ ਬਲਕਿ ਉਹ ਕਿਸਾਨਾਂ ਦਾ ਸਾਥ ਦੇਣ ਆਏ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੇ ਹਰੇ ਰੰਗ ਦੀ ਪੱਗ ਬੰਨੀ ਹੈ ਤੇ ਇਹ ਹਰਾ ਰੰਗ ਹਰੀ ਸਿੰਘ ਨਲੂਏ ਵਾਲਾ ਰੰਗ ਹੈ ਤੇ ਇਸ ਹਰੇ ਰੰਗ ਨੂੰ ਅਫਗਾਨ ਵੀ ਨਹੀਂ ਸੀ ਫਿੱਕਾ ਪਾ ਸਕਿਆ। ਉਹਨਾਂ ਕਿਹਾ ਕਿ ਸਰਕਾਰ ਨੇ ਇੰਨਾ ਹਰਾ ਰੰਗ ਦੇਖ ਲੈਣਾ ਕਿ ਉਹਨਾਂ ਨੂੰ ਇਹ ਹਰਾ ਰੰਗ ਕਈ ਸਾਲਾਂ ਤੱਕ ਨਜ਼ਰ ਆਉਂਦਾ ਰਹੇਗਾ।
ਉਹਨਾਂ ਕਿਹਾ ਕਿ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਪੂਰਾ ਪੰਜਾਬ ਇਕੱਠਾ ਕਰ ਦਿੱਤਾ ਹੈ। ਦਿੱਲੀ ਵਿਚ ਅਜਿਹਾ ਮਾਹੌਲ ਬਣਾ ਦਿੱਤਾ ਕਿ ਹੁਣ ਸ਼ਹਿਰਾਂ ਦੀ ਮਾਵਾਂ ਵੀ ਅਪਣੇ ਪੁੱਤਰਾਂ ਨੂੰ ਕਹਿ ਰਹੀਆਂ ਕਿ ਤੂੰ ਦਿੱਲੀ ਜਾ। ਉਹਨਾਂ ਕਿਹਾ ਕਿ ਅੱਜ ਸਾਡੇ ਕਿਸਾਨਾਂ ਨੇ ਸਿੰਘੂ ਬਾਰਡਰ ਦਾ ਨਾਂਅ ਬਦਲ ਕੇ ਸਿੰਘ ਬਾਰਡਰ ਕਰ ਦਿੱਤਾ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ ਆਉਣ ਤੋਂ ਪਹਿਲਾਂ ਉਹਨਾਂ ਨੂੰ ਕਈ ਲੋਕਾਂ ਦੇ ਸੁਨੇਹੇ ਆਏ ਕਿ ਤੁਸੀਂ ਕਿਉਂ ਜਾ ਰਹੇ ਹੋ? ਤਾਂ ਘੁੱਗੀ ਨੇ ਜਵਾਬ ਦਿੱਤਾ ਕਿ ਉਹ ਮਾਹੌਲ ਠੀਕ ਕਰਨ ਹੀ ਦਿੱਲੀ ਜਾ ਰਹੇ ਹਨ। ਉਹਨਾਂ ਕਿਹਾ ਇਹ ਲੜਾਈ ਜ਼ਮੀਨ ਦੀ ਨਹੀਂ ਜ਼ਮੀਰ ਦੀ ਹੈ।
ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜੁੜੇ ਭਾਜਪਾ ਨਾਲ ਹਨ ਪਰ ਅੰਦਰੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕੋਲ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਪਾਵਰ ਨਹੀਂ ਹੈ। ਇਸ ਲਈ ਆਖਰੀ ਫੈਸਲਾ ਉਦੋਂ ਹੀ ਆਵੇਗਾ ਜਦੋਂ ਮੋਦੀ ਸਾਹਿਬ ਚਾਹੁਣਗੇ। ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ ਬਾਰੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜਦੋਂ ਬਿਲ ਬਣਾਏ ਗਏ ਸੀ, ਉਦੋਂ ਕੋਈ ਮੀਟਿੰਗ ਨਹੀਂ ਕੀਤੀ ਗਈ, ਇਸ ਲਈ ਹੁਣ ਬਿਲ ਵਾਪਸ ਕਰਨ ਲਈ ਵੀ ਮੀਟਿੰਗ ਕਰਨ ਦੀ ਲੋੜ ਨਹੀਂ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਨ ਵਿਚ ਕਈ ਵਾਰ ਖਿਆਲ ਆਉਂਦਾ ਹੈ ਕਿ ਕਿਸਾਨ ਬਾਰਡਰ ਤੋਂ ਮੁੜੇ ਆ ਰਹੇ ਨੇ ਤੇ ਅੱਗੇ ਢੋਲ ਵੱਜ ਰਹੇ ਨੇ ਭੰਗੜੇ ਪੈ ਰਹੇ ਨੇ ਕਿ ਕਿਸਾਨਾਂ ਨੇ ਮੋਰਚਾ ਫਤਿਹ ਕਰ ਲਿਆ ਹੈ। ਘੁੱਗੀ ਨੇ ਕਿਹਾ ਕਿ ਭੰਗੜੇ ਚਾਹੇ ਅੱਜ ਪੈਣ ਜਾਂ ਕੱਲ ਪੈਣ ਸਾਰੇ ਭੰਗੜਾ ਪਾਉਣ ਲਈ ਤਿਆਰ ਹਨ।
ਉਹਨਾਂ ਕਿਹਾ ਕਿ ਪਿਛਲੇ ਦੋ ਢਾਈ ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਦਿੱਲੀ ਵਿਚ ਵੀ ਸ਼ਾਂਤਮਈ ਪ੍ਰਦਰਸ਼ਨ ਜਾਰੀ ਹਨ। ਦਿੱਲੀ ਵਿਚ ਧਰਨਿਆਂ ਦੌਰਾਨ ਲੋਕ ਅਪਣਾ ਸਮਾਨ ਵੇਚ ਰਹੇ ਹਨ ਤੇ ਲੋਕ ਉਹਨਾਂ ਪੂਰੇ ਪੈਸੇ ਦੇ ਰਹੇ ਹਨ। ਇਸ ਤੋਂ ਸਾਫ ਸੁਥਰਾ ਅੰਦੋਲਨ ਕਿਤੇ ਨਹੀਂ ਹੋ ਸਕਦਾ।
ਬੀਤੇ ਦਿਨੀਂ ਮੁਹੰਮਦ ਸਦੀਕ ਦੀ ਵਾਇਰਲ ਹੋਈ ਵੀਡੀਓ ਬਾਰੇ ਪ੍ਰਤੀਕਿਰਿਆ ਦਿੰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੁਹੰਮਦ ਸਦੀਕ ਸਾਹਬ ਦਾ ਪੰਜਾਬੀ ਭਾਸ਼ਾ ਵਿਚ ਬਹੁਤ ਅਹਿਮ ਯੋਗਦਾਨ ਹੈ ਤੇ ਉਹ ਕਾਫ਼ੀ ਬਿਮਾਰ ਵੀ ਰਹੇ। ਜਿਸ ਕਾਰਨ ਉਹ ਇਸ ਕਾਨੂੰਨ ਨੂੰ ਸਮਝ ਨਹੀਂ ਪਾਏ ਤੇ ਉਹਨਾਂ ਨੇ ਬਹੁਤ ਚੰਗੀ ਗੱਲ਼ ਕਹੀ ਕਿ ਉਹਨਾਂ ਨੂੰ ਇਸ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਘੁੱਗੀ ਨੇ ਕਿਹਾ ਕਿ ਇਸ ਮਾਮਲੇ 'ਤੇ ਭਗਵੰਤ ਮਾਨ ਬਹੁਤ ਚੰਗਾ ਬੋਲ ਰਹੇ ਨੇ ਕਿਉਂਕਿ ਇਸ ਬਾਰੇ ਉਹਨਾਂ ਨੂੰ ਕਾਫ਼ੀ ਜਾਣਕਾਰੀ ਹੈ। ਉਹਨਾਂ ਕਿਹਾ ਕਿ ਸੰਸਦ ਦੇ ਹਰ ਮੈਂਬਰ ਨੇ ਅਪਣਾ ਬਣਦਾ ਫਰਜ਼ ਨਿਭਾਇਆ ਹੈ।