ਵਪਾਰਕ ਝਗੜੇ 'ਚ ਇੱਕ ਵਿਅਕਤੀ ਦਾ ਭੀੜ ਵੱਲੋਂ ਬੇਰਹਿਮੀ ਨਾਲ ਕਤਲ, ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ p

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੀੜ-ਭੜੱਕੇ ਵਾਲੇ ਇਲਾਕੇ 'ਚ ਦਿੱਤਾ ਗਿਆ ਕਤਲ ਦੀ ਵਾਰਦਾਤ ਨੂੰ ਅੰਜਾਮ 

Image

 

ਪੁਣੇ - ਇੱਥੇ ਚਿੰਚਵਾੜ ਵਿਖੇ ਵਾਹਨ ਧੋਣ ਦਾ ਕਾਰੋਬਾਰ ਕਰਦੇ ਇੱਕ 38 ਸਾਲਾ ਵਿਅਕਤੀ ਦਾ ਜਾਨਲੇਵਾ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ, ਜਿਸ 'ਤੇ 18 ਵਿਅਕਤੀਆਂ ਦੇ ਝੁੰਡ ਨੇ ਗੋਲ਼ੀ ਚਲਾਈ ਅਤੇ ਕਈ ਵਾਰ ਚਾਕੂ ਮਾਰਿਆ। ਇਹ ਕਤਲ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਹੋਇਆ, ਅਤੇ ਇਸ ਤੋਂ ਪਹਿਲਾਂ ਝੁੰਡ 'ਚ ਸ਼ਾਮਲ ਲੋਕਾਂ ਨੇ ਹਵਾਈ ਫ਼ਾਇਰ ਵੀ ਕੀਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਮ੍ਰਿਤਕ ਦਾ ਪਿੱਛਾ ਕੀਤਾ। ਪੁਲਿਸ ਨੇ ਕਿਹਾ ਕਿ ਇਹ ਕਤਲ ਵਪਾਰਕ ਦੁਸ਼ਮਣੀ ਦਾ ਮਾਮਲਾ ਜਾਪਦਾ ਹੈ।

ਲਗਭਗ 200 ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਤੋਂ ਬਾਅਦ, ਪੁਲਿਸ ਨੇ ਸ਼ਨੀਵਾਰ ਨੂੰ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ। ਇਹ ਕਤਲ ਸ਼ੁੱਕਰਵਾਰ ਸ਼ਾਮ ਨੂੰ ਚਿੰਚਵਾੜ ਦੇ ਭੀੜ-ਭੜ ਭਰੇ ਇਲਾਕੇ ਪਰਸ਼ੂਰਾਮ ਚੌਕ 'ਤੇ ਹੋਇਆ ਸੀ।

ਮ੍ਰਿਤਕ ਵਿਸ਼ਾਲ ਗਾਇਕਵਾੜ (38) ਆਪਣੇ ਛੋਟੇ ਭਰਾ ਅਰਜੁਨ (32) ਨਾਲ ਵਾਹਨ ਧੋਣ ਦਾ ਕੰਮ-ਕਾਰ ਕਰਦਾ ਸੀ। ਸ਼ਨੀਵਾਰ ਤੜਕੇ ਅਰਜੁਨ ਵੱਲੋਂ ਮਾਮਲੇ ਦੀ ਪਹਿਲੀ ਰਿਪੋਰਟ ਦਰਜ ਕਰਵਾਈ ਗਈ।

ਅਰਜੁਨ ਵੱਲੋਂ ਦਰਜ ਕਰਵਾਈ ਗਈ ਐਫ਼.ਆਈ.ਆਰ. ਮੁਤਾਬਿਕ, ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਭਰਾ ਵਿਸ਼ਾਲ ਅਤੇ ਇੱਕ ਕਰਮਚਾਰੀ ਨਾਲ ਆਪਣੀ ਦੁਕਾਨ 'ਤੇ ਸੀ। ਸ਼ਾਮ 6.15 ਵਜੇ ਦੇ ਕਰੀਬ ਅਰਜੁਨ ਦੁਕਾਨ ਤੋਂ ਬਾਹਰ ਨਿਕਲਿਆ ਅਤੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਕਰਮਚਾਰੀ ਭੱਜ ਕੇ ਉਸ ਕੋਲ ਆਇਆ ਅਤੇ ਦੱਸਿਆ ਕਿ ਇੱਕ ਝੁੰਡ ਨੇ ਵਿਸ਼ਾਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਅਰਜੁਨ ਅਤੇ ਕਰਮਚਾਰੀ ਪਰਸ਼ੂਰਾਮ ਚੌਕ ਵੱਲ੍ਹ ਭੱਜੇ ਜਿੱਥੇ ਹਮਲਾਵਰਾਂ ਦੀ ਭੀੜ ਵਿਸ਼ਾਲ ਦੇ ਪਿੱਛੇ ਭੱਜ ਰਹੀ ਸੀ। 

ਐਫ਼.ਆਈ.ਆਰ. ਮੁਤਾਬਕ ਕੁਝ ਸ਼ੱਕੀਆਂ ਨੂੰ ਵਿਸ਼ਾਲ ਨੂੰ ਚਾਕੂ ਮਾਰਦੇ ਦੇਖਿਆ ਗਿਆ। ਜਿਵੇਂ ਹੀ ਅਰਜੁਨ ਅਤੇ ਉਨ੍ਹਾਂ ਦਾ ਕਰਮਚਾਰੀ ਵਿਸ਼ਾਲ ਨੂੰ ਬਚਾਉਣ ਲਈ ਗਏ ਤਾਂ ਹਮਲਾਵਰਾਂ 'ਚੋਂ ਇਕ ਨੇ ਹਵਾ 'ਚ ਗੋਲੀਆਂ ਚਲਾ ਦਿੱਤੀਆਂ। ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਨੇੜਲੇ ਇਲਾਕੇ ਦੇ ਕਈ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹਮਲਾਵਰ ਤੇਜ਼ਧਾਰ ਹਥਿਆਰਾਂ ਇਲਾਕੇ ਦੇ ਲੋਕਾਂ ਨੂੰ ਡਰਾ ਰਹੇ ਸਨ ਜਿਸ ਤੋਂ ਬਾਅਦ ਅਰਜੁਨ ਅਤੇ ਕਰਮਚਾਰੀ ਟੀਨ ਦੇ ਸ਼ੈੱਡ ਦੇ ਪਿੱਛੇ ਲੁਕ ਗਏ।

ਐਫ਼.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਫ਼ੇਰ ਖੂਨ ਨਾਲ ਲੱਥਪੱਥ ਵਿਸ਼ਾਲ ਨੂੰ ਉੱਥੇ ਛੱਡ ਕੇ ਹਮਲਾਵਰ ਛੇ ਤੋਂ ਸੱਤ ਬਾਈਕਾਂ 'ਤੇ ਉੱਥੋਂ ਭੱਜ ਨਿੱਕਲੇ। ਵਿਸ਼ਾਲ ਦੇ ਸਿਰ, ਪਿੱਠ, ਮੋਢੇ, ਲੱਤਾਂ, ਪੇਟ 'ਤੇ ਚਾਕੂ ਨਾਲ ਲੱਗੇ ਜ਼ਖ਼ਮਾਂ ਦੇ ਨਿਸ਼ਾਨ ਸੀ, ਅਤੇ ਪੇਟ 'ਚ ਗੋਲੀ ਲੱਗਣ ਦਾ ਜ਼ਖ਼ਮ ਸੀ। ਇੱਕ ਦੋਸਤ ਦੀ ਕਾਰ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਅਤੇ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮ ਵੀ ਵਾਹਨ ਧੋਣ ਦੇ ਕਾਰੋਬਾਰ ਨਾਲ ਜੁੜੇ ਹਨ, ਅਤੇ ਉਨ੍ਹਾਂ ਦਾ ਪੀੜਤ ਧਿਰ ਨਾਲ ਇਸ ਬਾਬਤ 2017 ਤੋਂ ਝਗੜਾ ਸੀ। ਗ੍ਰਿਫ਼ਤਾਰ ਕੀਤੇ 8 ਜਣਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।