ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਨਾਂਅ 'ਤੇ ਬਣਾਇਆ ਜਾਵੇਗਾ ਡੈਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਂਅ ਰੱਖਿਆ ਜਾਵੇਗਾ 'ਹੀਰਾਬਾ ਸਮ੍ਰਿਤੀ ਸਰੋਵਰ'

Image

 

ਰਾਜਕੋਟ - ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਬਾਹਰਵਾਰ ਬਣਾਏ ਜਾ ਰਹੇ ਇੱਕ ਛੋਟੇ ਡੈਮ ਦਾ ਨਾਂਅ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਂ ਮਰਹੂਮ ਹੀਰਾਬੇਨ ਦੇ ਨਾਂਅ 'ਤੇ ਰੱਖਿਆ ਗਿਆ ਹੈ। 

‘ਗਿਰ ਗੰਗਾ ਪਰਿਵਾਰ ਟਰੱਸਟ’ ਦੇ ਪ੍ਰਧਾਨ ਦਿਲੀਪ ਸਖੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਰਾਜਕੋਟ-ਕਲਾਵਾਡ ਰੋਡ ’ਤੇ ਪਿੰਡ ਵਾਗੂਦਾਦ ਨੇੜੇ ਨਿਆਰੀ ਨਦੀ ’ਤੇ 15 ਲੱਖ ਰੁਪਏ ਦੀ ਲਾਗਤ ਨਾਲ ਛੋਟਾ ਡੈਮ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਥਾਨਕ ਵਿਧਾਇਕ ਦਰਸ਼ਿਤਾ ਸ਼ਾਹ ਅਤੇ ਰਾਜਕੋਟ ਦੇ ਮੇਅਰ ਪ੍ਰਦੀਪ ਦੇਵ ਦੀ ਮੌਜੂਦਗੀ ਵਿੱਚ ਡੈਮ ਦਾ ਨੀਂਹ ਪੱਥਰ ਰੱਖਿਆ ਗਿਆ।

"ਪ੍ਰਧਾਨ ਮੰਤਰੀ ਦੀ ਮਾਂ ਨੂੰ ਸ਼ਰਧਾਂਜਲੀ ਵਜੋਂ, ਅਸੀਂ ਛੋਟੇ ਡੈਮ ਦਾ ਨਾਂਅ ਹੀਰਾਬਾ ਸਮ੍ਰਿਤੀ ਸਰੋਵਰ ਰੱਖਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਹ ਉਨ੍ਹਾਂ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਹੈ। ਇਹ ਦੂਜਿਆਂ ਨੂੰ ਆਪਣੇ ਅਜ਼ੀਜ਼ ਦੀ ਮੌਤ ਤੋਂ ਬਾਅਦ ਕੁਝ ਕਰਨ ਜਾਂ ਕਿਸੇ ਚੰਗੇ ਕਾਰਨ ਲਈ ਦਾਨ ਦੇਣ ਲਈ ਵੀ ਪ੍ਰੇਰਿਤ ਕਰੇਗਾ।"

ਹੀਰਾਬਾ ਦਾ 30 ਦਸੰਬਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ 99 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।

ਸਖੀਆ ਨੇ ਦੱਸਿਆ ਕਿ ਇਸ ਟਰੱਸਟ ਨੇ ਦਾਨੀ ਸੱਜਣਾਂ ਦੀ ਆਰਥਿਕ ਮਦਦ ਨਾਲ ਪਿਛਲੇ ਚਾਰ ਮਹੀਨਿਆਂ ਵਿੱਚ 75 ਛੋਟੇ ਡੈਮ ਬਣਾਏ ਹਨ। ਇਸ ਨਵੇਂ ਡੈਮ ਦਾ ਕੰਮ ਦੋ ਹਫ਼ਤਿਆਂ ਵਿੱਚ ਪੂਰਾ ਹੋ ਜਾਵੇਗਾ ਅਤੇ ਇਸ ਵਿੱਚ ਕਰੀਬ 2.5 ਕਰੋੜ ਲੀਟਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੋਵੇਗੀ।

ਉਨ੍ਹਾਂ ਕਿਹਾ, "ਇਹ ਡੈਮ 400 ਫੁੱਟ ਉੱਚਾ ਅਤੇ 150 ਫੁੱਟ ਚੌੜਾ ਹੋਵੇਗਾ। ਇੱਕ ਵਾਰ ਪਾਣੀ ਨਾਲ ਭਰ ਜਾਣ 'ਤੇ ਇਹ ਨੌਂ ਮਹੀਨਿਆਂ ਤੱਕ ਨਹੀਂ ਸੁੱਕੇਗਾ। ਇਸ ਨਾਲ ਧਰਤੀ ਹੇਠਲੇ ਪਾਣੀ ਨੂੰ ਮੁੜ ਇਕੱਠਾ ਕੀਤਾ ਜਾਵੇਗਾ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਲਾਭ ਮਿਲੇਗਾ।"