ਐਂਬੂਲੈਂਸ ਦਾ ਕਿਰਾਇਆ ਨਾ ਹੋਣ ਕਰਕੇ, ਮ੍ਰਿਤਕ ਮਾਂ ਦੀ ਦੇਹ ਨੂੰ ਮੋਢੇ 'ਤੇ ਚੁੱਕ ਕੇ ਹੀ ਤੁਰ ਪਿਆ ਨੌਜਵਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਦੇ ਸੁਪਰਡੈਂਟ ਨੇ ਇਸ ਘਟਨਾ ਨੂੰ 'ਬੇਹੱਦ ਮੰਦਭਾਗਾ' ਕਰਾਰ ਦਿੱਤਾ

Image

 

ਜਲਪਾਈਗੁੜੀ - ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ 'ਚ ਐਂਬੂਲੈਂਸ ਦਾ ਕਿਰਾਇਆ ਭਰਨ 'ਚ ਅਸਮਰੱਥ ਵਿਅਕਤੀ ਆਪਣੀ ਮਾਂ ਦੀ ਦੇਹ ਨੂੰ ਮੋਢੇ 'ਤੇ ਚੁੱਕ ਕੇ ਹਸਪਤਾਲ ਤੋਂ ਕਰੀਬ 40 ਕਿਲੋਮੀਟਰ ਦੂਰ ਆਪਣੇ ਪਿੰਡ ਪਹੁੰਚਣ ਲਈ ਪੈਦਲ ਹੀ ਚੱਲ ਪਿਆ।

ਹਾਲਾਂਕਿ, ਰਸਤੇ ਵਿੱਚ ਇੱਕ ਸਮਾਜਿਕ ਸੰਸਥਾ ਦੇ ਮੈਂਬਰਾਂ ਨੇ ਵਿਅਕਤੀ ਨੂੰ ਇੱਕ ਵਾਹਨ ਮੁਹੱਈਆ ਕਰਵਾਇਆ, ਜਿਸ ਨੇ ਉਸ ਨੂੰ ਜ਼ਿਲ੍ਹੇ ਦੇ ਕ੍ਰਾਂਤੀ ਬਲਾਕ ਵਿੱਚ ਉਸ ਦੇ ਘਰ ਮੁਫ਼ਤ ਪਹੁੰਚਾਇਆ। 

ਰਾਮ ਪ੍ਰਸਾਦ ਦੀਵਾਨ ਨੇ ਦੱਸਿਆ ਕਿ ਉਸ ਦੀ 72 ਸਾਲਾ ਮਾਂ ਨੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ ਅਤੇ ਉਹ ਉਸ ਨੂੰ ਬੁੱਧਵਾਰ ਨੂੰ ਜਲਪਾਈਗੁੜੀ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਿਆ। ਅਗਲੇ ਦਿਨ ਉਸਦੀ ਮਾਂ ਦੀ ਮੌਤ ਹੋ ਗਈ।

ਦੀਵਾਨ ਨੇ ਕਿਹਾ, "ਸਾਨੂੰ ਹਸਪਤਾਲ ਪਹੁੰਚਾਉਣ ਵਾਲੀ ਐਂਬੂਲੈਂਸ ਨੇ 900 ਰੁਪਏ ਲਏ ਸਨ। ਪਰ ਬਾਅਦ 'ਚ ਐਂਬੂਲੈਂਸ ਵਾਲੇ ਨੇ ਲਾਸ਼ ਨੂੰ ਘਰ ਲਿਜਾਣ ਲਈ 3000 ਰੁਪਏ ਮੰਗੇ। ਅਸੀਂ ਰਕਮ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਸੀ।"

ਦੀਵਾਨ ਅਨੁਸਾਰ, ਉਸ ਨੇ ਆਪਣੀ ਮਾਂ ਦੀ ਦੇਹ ਨੂੰ ਚਾਦਰ ਵਿੱਚ ਲਪੇਟਿਆ, ਆਪਣੇ ਮੋਢੇ 'ਤੇ ਚੁੱਕਿਆ ਅਤੇ ਪੈਦਲ ਹੀ ਘਰ ਵੱਲ੍ਹ ਤੁਰ ਪਿਆ। ਇਸ ਦੌਰਾਨ ਉਸ ਦਾ ਬਜ਼ੁਰਗ ਪਿਤਾ ਵੀ ਉਸ ਦੇ ਨਾਲ ਸੀ।

ਹਸਪਤਾਲ ਦੇ ਸੁਪਰਡੈਂਟ ਕਲਿਆਣ ਖਾਨ ਨੇ ਇਸ ਘਟਨਾ ਨੂੰ 'ਬੇਹੱਦ ਮੰਦਭਾਗਾ' ਕਰਾਰ ਦਿੱਤਾ ਹੈ।

"ਜੇ ਸਾਨੂੰ ਪਤਾ ਹੁੰਦਾ, ਤਾਂ ਅਸੀਂ ਉਸ ਲਈ ਵਾਹਨ ਦਾ ਪ੍ਰਬੰਧ ਕਰ ਸਕਦੇ ਸੀ। ਅਸੀਂ ਇਹ ਨਿਯਮਿਤ ਤੌਰ 'ਤੇ ਕਰਦੇ ਹਾਂ। ਪਰਿਵਾਰ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਲੋਕ ਇਸ ਬਾਰੇ ਜਾਗਰੂਕ ਹੋਣ।"

ਦੀਵਾਨ ਦੀ ਮਦਦ ਕਰਨ ਵਾਲੀ ਇੱਕ ਸਮਾਜਿਕ ਸੰਸਥਾ ਦੇ ਅਹੁਦੇਦਾਰ ਨੇ ਦੋਸ਼ ਲਾਇਆ ਕਿ ਐਂਬੂਲੈਂਸ ਚਾਲਕ ਮੁਫ਼ਤ ਸੇਵਾਵਾਂ ਦੇਣ ਵਾਲਿਆਂ ਨੂੰ ਹਸਪਤਾਲ ਦੇ ਆਲੇ-ਦੁਆਲੇ ਘੁੰਮਣ ਵੀ ਨਹੀਂ ਦਿੰਦੇ।

ਉਧਰ, ਜ਼ਿਲ੍ਹਾ ਐਂਬੂਲੈਂਸ ਐਸੋਸੀਏਸ਼ਨ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਦੇ ਮੈਂਬਰ ਵੀ ਰੇਲ ਅਤੇ ਸੜਕ ਹਾਦਸਿਆਂ ਦੌਰਾਨ ਮੁਫ਼ਤ ਸੇਵਾ ਪ੍ਰਦਾਨ ਕਰਦੇ ਹਨ।