ਮਰੀਜ਼ ਨੂੰ ਹਸਪਤਾਲ ਲਿਜਾਂਦੇ ਹੋਏ ਐਂਬੂਲੈਂਸ ਡਰਾਈਵਰ ਨੇ ਰਸਤੇ 'ਚ ਸ਼ਰਾਬ ਪੀਣ ਲਈ ਰੋਕੀ ਗੱਡੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਇਰਲ ਵੀਡੀਓ 'ਚ ਡਰਾਈਵਰ ਤੇ ਮਰੀਜ਼ ਦੋਵੇਂ ਦਿਖਾਈ ਦਿੱਤੇ ਸ਼ਰਾਬ ਪੀਂਦੇ 

Image

 

ਜਗਤਸਿੰਘਪੁਰ - ਓਡੀਸ਼ਾ ਦੇ ਜਗਤਸਿੰਘਪੁਰ ਕਸਬੇ ਵਿੱਚ ਇੱਕ ਐਂਬੂਲੈਂਸ ਡਰਾਈਵਰ ਨੇ ਹਸਪਤਾਲ ਲਿਜਾਂਦੇ ਸਮੇਂ ਸ਼ਰਾਬ ਪੀਣ ਲਈ ਆਪਣੀ ਗੱਡੀ ਰੋਕੀ ਅਤੇ ਜ਼ਖਮੀ ਯਾਤਰੀ ਨੂੰ ਵੀ ਸ਼ਰਾਬ ਦੀ ਪੇਸ਼ਕਸ਼ ਕੀਤੀ। 

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਐਂਬੂਲੈਂਸ ਡਰਾਈਵਰ ਨੂੰ ਤਿਰਤੋਲ ਇਲਾਕੇ 'ਚ ਹਾਈਵੇਅ 'ਤੇ ਆਪਣੀ ਗੱਡੀ ਖੜ੍ਹੀ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਸ ਨੇ ਸ਼ਰਾਬ ਪੀਤੀ ਅਤੇ ਮਰੀਜ਼ ਨੂੰ ਵੀ ਸ਼ਰਾਬ ਦੀ ਪੇਸ਼ਕਸ਼ ਕੀਤੀ।

ਵਾਇਰਲ ਵੀਡੀਓ ਵਿੱਚ ਐਂਬੂਲੈਂਸ ਡਰਾਈਵਰ ਆਪਣੀ ਸ਼ਰਾਬ ਇੱਕੋ ਵਾਰ ਵਿੱਚ ਪੀ ਲੈਂਦਾ ਹੈ, ਜਦੋਂ ਕਿ ਇੱਕ ਪਲਾਸਟਰ ਲੱਗੀ ਹੋਈ ਲੱਤ ਵਾਲਾ ਸਟ੍ਰੈਚਰ 'ਤੇ ਪਿਆ ਮਰੀਜ਼ ਹੌਲੀ-ਹੌਲੀ ਸ਼ਰਾਬ ਪੀਂਦਾ ਦੇਖਿਆ ਜਾ ਸਕਦਾ ਹੈ।

ਇਹ ਅਜੀਬੋ-ਗਰੀਬ ਘਟਨਾ ਸੋਮਵਾਰ ਨੂੰ ਸਾਹਮਣੇ ਆਈ ਜਦੋਂ ਆਸ-ਪਾਸ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ।

ਜਦੋਂ ਚਸ਼ਮਦੀਦਾਂ ਨੇ ਸ਼ਰਾਬ ਪੀਣ ਨੂੰ ਲੈ ਕੇ ਡਰਾਈਵਰ ਦਾ ਵਿਰੋਧ ਕੀਤਾ, ਤਾਂ ਉਸ ਨੇ ਦਾਅਵਾ ਕੀਤਾ ਕਿ ਮਰੀਜ਼ ਨੇ ਖੁਦ ਸ਼ਰਾਬ ਪੀਣ ਲਈ ਕਿਹਾ ਸੀ। ਇਸ ਦੌਰਾਨ ਐਂਬੂਲੈਂਸ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਵੀ ਸੀ।

ਜਗਤਸਿੰਘਪੁਰ ਦੇ ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ (ਸੀ.ਡੀ.ਐਮ.ਓ.) ਡਾ. ਖੇਤਰਬਾਸੀ ਦਾਸ ਨੇ ਦੱਸਿਆ, "ਸਾਡੇ ਕੋਲ ਕਹਿਣ ਲਈ ਕੁਝ ਨਹੀਂ ਹੈ ਕਿਉਂਕਿ ਇਹ ਇੱਕ ਪ੍ਰਾਈਵੇਟ ਐਂਬੂਲੈਂਸ ਸੀ। ਪਰ ਆਰ.ਟੀ.ਓ. ਅਤੇ ਸੰਬੰਧਿਤ ਥਾਣੇ ਨੂੰ ਗ਼ਲਤੀ ਕਰਨ ਵਾਲੇ ਡਰਾਈਵਰ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।"

ਇਸ ਘਟਨਾ ਤੋਂ ਗੁੱਸੇ 'ਚ ਆਏ ਲੋਕਾਂ ਨੇ ਘਟਨਾ ਦੀ ਜਾਂਚ ਅਤੇ ਐਂਬੂਲੈਂਸ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਤਿਰਤੋਲ ਥਾਣੇ ਦੇ ਇੰਚਾਰਜ ਇੰਸਪੈਕਟਰ ਜੁਗਲ ਕਿਸ਼ੋਰ ਦਾਸ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਅਤੇ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਹੀ ਜਾਂਚ ਸ਼ੁਰੂ ਕੀਤੀ ਜਾਵੇਗੀ।