ਭਾਜਪਾ ਲਈ ਵੋਟ ਮੰਗਦੀ ਸਪਨਾ ਚੋਧਰੀ ਸਰੋਤਿਆਂ ਦੇ ਜਵਾਬ ਨਾਲ ਹੋਈ 'ਕਲੀਨ ਬੋਲਡ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਪ੍ਰਚਾਰ ਦੌਰਾਨ ਭੀੜ ਦੇ ਉਲਟੇ ਜਵਾਬਾਂ ਦਾ ਕਰਨਾ ਪਿਆ ਸਾਹਮਣਾ

file photo

ਚੰਡੀਗੜ੍ਹ : ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਮਜਬੂਤ ਕਿਲੇ 'ਚ ਸੰਨ੍ਹ ਲਾਉਣ ਦੇ ਮਕਸਦ ਨਾਲ ਵਿਰੋਧੀਆਂ ਵਲੋਂ ਹਰ ਹਥਿਆਰ ਅਜਮਾਇਆ ਜਾ ਰਿਹਾ ਹੈ। ਖ਼ਾਸ ਕਰ ਕੇ ਭਾਜਪਾ ਲਈ ਦਿੱਲੀ ਚੋਣਾਂ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ।

ਚੋਣਾਂ ਵਿਚ ਜਿੱਥੇ ਦੇ ਭਾਜਪਾ ਦੇ ਦਿਗਜ਼ ਆਗੂ ਦਿਨ-ਰਾਤ ਮਿਹਨਤ ਕਰ ਰਹੇ ਹਨ ਉਥੇ ਹੀ ਵੋਟਰਾਂ ਦਾ ਮੰਨ ਬਦਲਣ ਲਈ ਕਲਾਕਾਰਾਂ ਨੂੰ ਵੀ ਮੈਦਾਨ 'ਚ ਉਤਾਰਿਆ ਗਿਆ ਹੈ। ਹਰਿਆਣਵੀਂ ਡਾਂਸਰ ਕਲਾਕਾਰ ਤੋਂ ਨੇਤਾ ਬਣੀ ਸਪਨਾ ਚੌਧਰੀ ਵੀ ਚੋਣਾਂ ਦੌਰਾਨ ਖ਼ੂਬ ਪਸੀਨਾ ਵਹਾ ਰਹੀ ਹੈ।

ਇੰਨਾ ਹੀ ਨਹੀਂ ਸਪਨਾ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਵੱਡੀਆਂ ਭੀੜਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ। ਸਪਨਾ ਚੌਧਰੀ ਵਲੋਂ ਵੀ ਮੋਦੀ-ਸ਼ਾਹ ਜੋੜੀ ਦੇ ਅੰਦਾਜ਼ 'ਚ ਵੋਟਰਾਂ ਨੂੰ ਭਰਮਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ 'ਚ ਉਨ੍ਹਾਂ 'ਤੇ ਮੋਦੀ-ਸ਼ਾਹ ਦਾ ਇਹ ਅੰਦਾਜ਼ ਭਾਰੂ ਪੈਂਦਾ ਜਾਪ ਰਿਹੈ।।

ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿਚ ਜੁੜੀ ਭੀੜ ਨੂੰ ਮੁਖਾਤਿਬ ਹੁੰਦਿਆਂ ਸਪਨਾ ਚੌਧਰੀ ਕਹਿੰਦੀ ਸੁਣਾਈ ਦਿੰਦੀ ਹੈ, ''ਵੋਟ ਕਿਸ ਨੂੰ ਦੇਣੀ ਹੈ'' ਅੱਗੋਂ ਭੀੜ 'ਚ ਆਵਾਜ਼ ਆਉਂਦੀ ਹੈ, ''ਕੇਜਰੀਵਾਲ ਨੂੰ''! ਸਪਨਾ ਚੌਧਰੀ ਨੂੰ ਅਪਣੇ ਕੰਨਾਂ 'ਤੇ ਇਤਬਾਰ ਨਹੀਂ ਆਉਂਦਾ ਤੇ ਉਹ ਮੁੜ ਭੀੜ ਨੂੰ ਮੁਖਾਤਬ ਹੁੰਦੀ ਹੈ, ''ਵੋਟ ਕਿਸ ਨੂੰ ਪਾਉਣੀ ਹੈ'', ਭੀੜ ਵਿਚੋਂ ਕਈ ਆਵਾਜ਼ ਆਉਂਦੀਆਂ ਹਨ, ''ਕੇਜਰੀਵਾਲ ਨੂੰ, ਕੇਜਰੀਵਾਲ ਨੂੰ''!

 

 

ਸਪਨਾ ਚੌਧਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 30 ਸੈਕਿੰਡ ਦੀ ਇਸ ਵੀਡੀਓ ਵਿਚ ਸਪਨਾ ਚੌਧਰੀ ਦਰਸ਼ਕਾਂ ਦੇ ਜਵਾਬ ਸੁਣ 'ਕਲੀਨ ਬੋਲਡ' ਹੁੰਦੀ ਵਿਖਾਈ ਦਿੰਦੀ ਹੈ। ਇਕੱਠੇ ਹੋਏ ਲੋਕਾਂ ਵਲੋਂ ਵੀ ਸਪਨਾ ਚੌਧਰੀ ਦੇ ਚੋਣ ਪ੍ਰਚਾਰ ਤੋਂ ਸਟੇਜ਼ ਸ਼ੋਅ ਵਾਂਗ ਮਨੋਰੰਜਨ ਕੀਤਾ ਜਾ ਰਿਹਾ ਹੈ।