ਵਿਦੇਸ਼ੀ ਲਾੜਿਆਂ ਦੇ 'ਪਰ' ਕੁਤਰਣ ਦੀ ਤਿਆਰੀ : ਪਾਸਪੋਰਟ ਵੀ ਹੋ ਸਕਦੈ ਰੱਦ!

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਆਹ ਦੀ ਰਜਿਸਟ੍ਰੇਸ਼ਨ 30 ਦਿਨਾਂ ਅੰਦਰ ਕਰਵਾਉਣਾ ਲਾਜ਼ਮੀ

file photo

ਚੰਡੀਗੜ੍ਹ : ਵਿਆਹ ਕਰਵਾ ਕੇ ਵਿਦੇਸ਼ ਭੱਜ ਜਾਣ ਵਾਲੇ ਲਾੜਿਆਂ ਦੇ ਹੁਣ ਮਾੜੇ ਦਿਨ ਸ਼ੁਰੂ ਹੋਣ ਵਾਲੇ ਨੇ। ਵਿਦੇਸ਼ ਮੰਤਰਾਲੇ ਨੇ ਅਜਿਹੇ ਲੋਕਾਂ 'ਤੇ ਨਕੇਲ ਕੱਸਣ ਦੀ ਤਿਆਰੀ ਕੱਸ ਲਈ ਹੈ। ਭਾਰਤ ਵਿਚ ਵਿਆਹ ਕਰ ਕੇ ਮੁੜ ਵਾਪਸ ਨਾ ਪਰਤਣ ਵਾਲਿਆਂ ਦੇ ਪਾਸਪੋਰਟ ਦੀ ਬਰਕਰਾਰਤਾ ਹੁਣ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ 'ਤੇ ਨਿਰਭਰ ਕਰੇਗੀ।

ਵਿਦੇਸ਼ ਵਿਭਾਗ ਵਲੋਂ ਵਿਦੇਸ਼ੀ ਲਾੜਿਆਂ ਲਈ ਵਿਆਹ ਦੀ ਰਜਿਸਟ੍ਰੇਸ਼ਨ 30 ਦਿਨਾਂ ਦੇ ਅੰਦਰ-ਅੰਦਰ ਕਰਵਾਉਣੀ ਲਾਜ਼ਮੀ ਕਰ ਦਿਤੀ ਗਈ ਹੈ। ਵਿਦੇਸ਼ੀ ਲਾੜਿਆਂ ਵਲੋਂ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੀ ਪਤਨੀ ਦੀ ਵਿਦੇਸ਼ ਮੰਤਰਾਲੇ ਜਾਂ ਪਾਸਪੋਰਟ ਦਫ਼ਤਰ ਕੋਲ ਸ਼ਿਕਾਇਤ ਕਰਨ ਤੋਂ ਬਾਅਦ ਵਿਦੇਸ਼ ਮੰਤਰਾਲਾ ਪਾਸਪੋਰਟ ਰੱਦ ਕਰ ਦੇਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਸ਼ਿਵਰਾਜ ਕਵੀਰਾਜ ਨੇ ਦਸਿਆ ਕਿ ਮੰਤਰਾਲੇ ਨੂੰ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਰੱਦ ਕਰਨ 'ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਵਿਦੇਸ਼ੀ ਲਾੜਿਆਂ ਵੱਲ ਭੇਜੇ ਗਏ ਸਾਰੇ ਕਾਨੂੰਨੀ ਨੋਟਿਸ ਵਿਦੇਸ਼ਾਂ 'ਚ ਉਨ੍ਹਾਂ ਤਕ ਪਹੁੰਚਦੇ ਹੀ ਨਹੀਂ।

ਅਦਾਲਤਾਂ ਵਲੋਂ ਵਾਰ ਵਾਰ ਨੋਟਿਸ ਭੇਜੇ ਜਾਂਦੇ ਹਨ ਪਰ ਅੱਗੋਂ ਕੋਈ ਜਵਾਬ ਨਹੀਂ ਮਿਲਦਾ। ਨੋਟਿਸ ਸਰਵ ਨਾ ਹੋਣ ਦੀ ਸੂਰਤ ਵਿਚ ਵਿਦੇਸ਼ ਮੰਤਰਾਲੇ ਨੂੰ ਵੀ ਅਗਲੇਰੀ ਕਾਰਵਾਈ ਕਰਨ 'ਚ ਦਿੱਕਤ ਆਉਂਦੀ ਹੈ। ਇਸ ਦੇ ਹੱਲ ਲਈ ਹੁਣ ਵਿਦੇਸ਼ ਮੰਤਰਾਲੇ ਵਲੋਂ ਇਕ ਵੈੱਬਸਾਈਟ ਬਣਾਈ ਜਾ ਰਹੀ ਹੈ।

ਅਜਿਹੇ ਸਾਰੇ ਨੋਟਿਸ ਉਸ ਵੈੱਬਸਾਈਟ 'ਤੇ ਪਾ ਦਿਤੇ ਜਾਇਆ ਕਰਨਗੇ। ਇਸ ਦਾ ਮਤਲਬ ਇਹ ਹੋਵੇਗਾ ਕਿ ਇਹ ਨੋਟਿਸ ਲਾੜਿਆਂ ਨੇ ਵੀ ਵੇਖ ਲਿਆ ਹੈ। ਅਜਿਹੀ ਸਥਿਤੀ 'ਚ ਹੁਣ ਵਿਦੇਸ਼ ਮੰਤਰਾਲਾ ਸ਼ਿਕਾਇਤ ਮਿਲਣ ਤੋਂ ਬਾਅਦ ਅਜਿਹੇ ਲਾੜਿਆਂ ਦੇ ਪਾਸਪੋਰਟ ਰੱਦ ਕਰ ਦੇਵੇਗਾ।