ਹੁਣ ਅਸੀਂ ਹਥਿਆਰ ਮੰਗਾਉਂਦੇ ਨਹੀਂ, ਭੇਜਦੇ ਹਾਂ : ਮੋਦੀ
ਭਾਰਤ ਦੇ ਰਖਿਆ ਨਿਰਯਾਤ ਨੂੰ ਪੰਜ ਅਰਬ ਡਾਲਰ ਤਕ ਪਹੁੰਚਾਣ ਦਾ ਟੀਚਾ
ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਨੂੰ ਦੇਸ਼ ਨੂੰ ਰਖਿਆ ਉਤਪਾਦਾਂ ਦਾ ਸੱਭ ਤੋਂ ਵੱਡਾ ਦਰਾਮਦਕਾਰ ਬਣਾਉਣ ਦਾ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਅਗਲੇ ਪੰਜ ਸਾਲਾਂ ਦੌਰਾਨ ਭਾਰਤ ਦੇ ਰਖਿਆ ਨਿਰਯਾਤ ਨੂੰ ਪੰਜ ਅਰਬ ਡਾਲਰ ਤਕ ਪਹੁੰਚਾਣ ਦਾ ਹੈ।
ਪ੍ਰਧਾਨ ਮੰਤਰੀ ਨੇ ਲਖਨਊ ਵਿਚ 11ਵੀਂ ਡੀਫ਼ੈਂਸ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕਿਹਾ, 'ਅੱਜ ਸੰਸਾਰ ਰਖਿਆ ਉਤਪਾਦ ਨਿਰਯਾਤ ਵਿਚ ਭਾਰਤ ਦੀ ਹਿੱਸੇਦਾਰੀ ਵਧ ਰਹੀ ਹੈ। ਸਾਲ 2014 ਵਿਚ ਭਾਰਤ ਦਾ ਰਖਿਆ ਨਿਰਯਾਤ ਲਗਭਗ 2000 ਕਰੋੜ ਰੁਪਏ ਦਾ ਸੀ। ਪਿਛਲੇ ਦੋ ਸਾਲਾਂ ਵਿਚ ਇਹ ਲਗਭਗ 17000 ਕਰੋੜ ਦਾ ਹੋ ਚੁੱਕਾ ਹੈ। ਹੁਣ ਸਾਡਾ ਟੀਚਾ ਅਗਲੇ ਪੰਜ ਸਾਲਾਂ ਵਿਚ ਰਖਿਆ ਨਿਰਯਾਤ ਨੂੰ ਪੰਜ ਅਰਬ ਡਾਲਰ ਯਾਨੀ ਲਗਭਗ 35000 ਕਰੋੜ ਰੁਪਏ ਤਕ ਵਧਾਉਣ ਦਾ ਹੈ।'
ਉਨ੍ਹਾਂ ਕਿਹਾ ਕਿ ਰਖਿਆ ਨਿਰਮਾਣ ਖੇਤਰ ਵਿਚ ਭਾਰਤ ਸੈਂਕੜੇ ਸਾਲਾਂ ਤਕ ਦੁਨੀਆਂ ਦੀਆਂ ਪ੍ਰਮੁੱਖ ਤਾਕਤਾਂ ਵਿਚ ਰਿਹਾ ਪਰ ਆਜ਼ਾਦੀ ਮਗਰੋਂ ਅਸੀਂ ਅਪਣੀ ਇਸ ਤਾਕਤ ਦੀ ਵਰਤੋਂ ਉਸ ਤਰ੍ਹਾਂ ਨਹੀਂ ਕੀਤੀ ਜਿੰਨੀ ਕਰ ਸਕਦੇ ਸੀ। ਸਾਡੀ ਨੀਤੀ ਅਤੇ ਰਣਨੀਤੀ ਦਰਾਮਦ 'ਤੇ ਕੇਂਦਰਤ ਹੋ ਕੇ ਰਹਿ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹਥਿਆਰ ਦਰਾਮਦਕਾਰ ਦੇਸ਼ ਬਣ ਗਿਆ।
ਮੋਦੀ ਨੇ ਕਿਹਾ, 'ਆਧੁਨਿਕ ਹਥਿਆਰਾਂ ਦੇ ਵਿਕਾਸ ਲਈ ਦੋ ਅਹਿਮ ਲੋੜਾਂ ਹਨ। ਪਹਿਲੀ, ਖੋਜ ਅਤੇ ਵਿਕਾਸ ਦੀ ਉੱਚ ਸਮਰੱਥਾ ਅਤੇ ਦੂਜੀ, ਉਨ੍ਹਾਂ ਹਥਿਆਰਾਂ ਦਾ ਉਤਪਾਦਨ। ਬੀਤੇ ਪੰਜ ਸਾਲਾਂ ਵਿਚ ਸਾਡੀ ਸਰਕਾਰ ਨੇ ਇਸ ਨੂੰ ਅਪਣੀ ਕੌਮੀ ਨੀਤੀ ਦਾ ਅਹਿਮ ਹਿੱਸਾ ਬਣਾਇਆ ਹੈ। ਇਸੇ ਨੀਤੀ 'ਤੇ ਚਲਦਿਆਂ ਰਖਿਆ ਖੋਜ ਅਤੇ ਵਿਕਾਸ ਤੇ ਨਿਰਮਾਣ ਲਈ ਦੇਸ਼ ਵਿਚ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।' ਮੋਦੀ ਨੇ ਪ੍ਰਦਰਸ਼ਨ ਦੌਰਾਨ ਬੰਦੂਕ ਵੀ ਚਲਾ ਕੇ ਵੇਖੀ। ਸਮਾਗਮ ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸੰਬੋਧਤ ਕੀਤਾ।