'ਕਿਸੇ ਪਾਰਟੀ ਨੂੰ ਨਹੀਂ ਬਲਕਿ ਉਮੀਦਵਾਰਾਂ ਦੀ ਸਿੱਖਾਂ ਬਾਰੇ ਪਹੁੰਚ ਕਰ ਕੇ, ਹਮਾਇਤ ਦੇ ਰਹੇ ਹਾਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਦਿੱਲੀ ਵਿਚ ਜਿਹੜੀ ਵੀ ਸਰਕਾਰ ਬਣੇ, ਉਹ ਤੁਰਤ ਦਿੱਲੀ ਗੁਰਦਵਾਰਾ ਚੋਣਾਂ ਦੇ ਅਮਲ ਨੂੰ ਨੇਪਰੇ ਚਾੜ੍ਹੇ'

Photo

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਲੋਂ ਕਿਸੇ ਖ਼ਾਸ ਸਿਆਸੀ ਪਾਰਟੀ ਨੂੰ ਹਮਾਇਤ ਨਹੀਂ  ਦਿਤੀ ਜਾ ਰਹੀ ਬਲਕਿ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ, ਜੋ ਸਿੱਖਾਂ ਬਾਰੇ ਉਸਾਰੂ ਪਹੁੰਚ ਰਖਦੇ ਹੋਣ, ਭਾਵੇਂ ਉਹ ਕਿਸੇ ਵੀ  ਪਾਰਟੀ ਦੇ ਹੋਣ, ਉਨ੍ਹਾਂ ਨੂੰ ਹਮਾਇਤ ਦਿਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਅਸੀਂ ਚਾਹਾਵਾਂਗੇ ਕਿ ਜਿਹੜੀ ਵੀ ਦਿੱਲੀ ਦੀ ਨਵੀਂ ਸਰਕਾਰ ਬਣੇ, ਉਹ ਤੁਰਤ ਅਦਾਲਤੀ ਫ਼ੈਸਲੇ ਦਾ ਸਨਮਾਨ ਕਰਦੇ ਹੋਏ 2021 ਵਿਚ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਲਈ ਨਵੀਂਆਂ ਫ਼ੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਣ ਦਾ ਕੰਮ ਪੂਰਾ ਕਰੇ ਤਾਕਿ ਬਾਦਲਾਂ ਦੇ ਗ਼ਲਬੇ ਤੋਂ ਦਿੱਲੀ ਗੁਰਦਵਾਰਾ ਕਮੇਟੀ ਨੂੰ ਆਜ਼ਾਦ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸਾਡੀ ਮੁੱਢਲੀ ਤਰਜੀਹ ਉਨ੍ਹਾਂ ਉਮੀਦਵਾਰਾਂ ਨੂੰ ਹਮਾਇਤ ਦੇ ਕੇ ਜਿਤਾਉਣਾ ਹੈ ਜੋ ਸਿੱਖ ਪੰਥ ਬਾਰੇ ਉਸਾਰੂ ਸੋਚ ਰਖਦਾ ਹੋਵੇ ਤੇ ਸਿੱਖਾਂ ਦੇ ਕਾਰਜ ਕਰਵਾਉਣ ਵਿਚ ਸਹਿਯੋਗ ਦੇਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਘੱਟ ਗਿਣਤੀਆਂ ਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀਆਂ ਪਾਰਟੀਆਂ/ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ।

ਦਿੱਲੀ ਵਿਚ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ ਸੀ, “ਭਾਵੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਸਾਡੇ ਨਾਲ ਮੁਲਾਕਾਤ ਕਰ ਕੇ ਗਏ ਹਨ, ਪਰ ਰੁਝੇਵਿਆਂ ਕਰ ਕੇ ਕੇਜਰੀਵਾਲ ਹਮਾਇਤ ਲੈਣ ਨਹੀਂ ਆ ਸਕੇ, ਪਰ ਸਾਡੀ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਸਾਡੇ ਮੈਂਬਰ 'ਆਪ' ਨਾਲ ਜੁੜੇ ਹੋਏ ਹਨ ਉਹ ਆਪ ਵਿਧਾਇਕਾਂ ਨੂੰ ਹਮਾਇਤ ਦੇਣ ਲਈ ਆਜ਼ਾਦ ਹਨ, ਨਾਲ ਹੀ ਅਸੀ ਅਰਵਿੰਦਰ ਸਿੰਘ ਲਵਲੀ ਤੇ ਗੁਰਚਰਨ ਸਿੰਘ ਰਾਜੂ (ਦੋਵੇਂ ਕਾਂਗਰਸੀ ਉਮੀਦਵਾਰ) ਨੂੰ ਹਮਾਇਤ ਦੇਵਾਂਗੇ।''