ਨਗਰ ਕੀਰਤਨ ਕੱਢਣ ਦੀ ਮਨਜੂਰੀ ਸਿਰਫ਼ ਅਕਾਲੀ ਦਲ ਦਿੱਲੀ ਨੂੰ ਮਿਲੀ ਹੈ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਨਗਰ ਕੀਰਤਨ ਦੇ ਨਾਂ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋੜਾਂ ਰੁਪਏ ਇਕੱਠੇ ਕੀਤੇ

Nagar Kirtan

ਨਵੀਂ ਦਿੱਲੀ : ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕ ਨਵਾਂ ਖੁਲਾਸਾ ਕੀਤਾ ਹੈ, ਜਿਸ ਨੇ ਪੰਥਕ ਹਲਕਿਆਂ 'ਚ ਚਰਚਾ ਛੇੜ ਦਿੱਤੀ ਹੈ। ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਤੋਂ ਨਨਕਾਨਾ ਸਾਹਿਬ ਤੱਕ ਨਗਰ ਕੀਰਤਨ ਕੱਢਣ ਦੀ ਪਾਕਿਸਤਾਨ ਤੋਂ ਕੋਈ ਮਨਜ਼ੂਰੀ ਨਹੀਂ ਮਿਲੀ ਹੈ। ਇਸ ਦੀ ਮਨਜ਼ੂਰੀ ਸਿਰਫ਼ ਅਕਾਲੀ ਦਲ ਦਿੱਲੀ ਨੂੰ ਹੀ ਪਾਕਿ ਸਰਕਾਰ, ਓਕਾਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਹੈ।

ਸਰਨਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਗਰ ਕੀਰਤਨ ਕੱਢਣ ਲਈ ਪਾਕਿਸਤਾਨ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦ ਸਿੰਘ ਸਰਨਾ ਬੀਤੇ ਸਨਿਚਰਵਾਰ ਨੂੰ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਸਰਨਾ ਨੇ ਕਿਹਾ ਕਿ ਨਗਰ ਕੀਰਤਨ ਦੇ ਨਾਂ 'ਤੇ ਦਿੱਲੀ ਕਮੇਟੀ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। 

ਹੁਣ ਪਾਕਿਸਤਾਨ ਸਰਕਾਰ ਦੇ ਓਕਾਫ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸਕੱਤਰ ਮੁਹੰਮਦ ਤਾਰਿਕ ਨੇ ਉਨ੍ਹਾਂ ਨੂੰ ਇਕ ਦੁਬਾਰਾ 6 ਸਤੰਬਰ 2019 ਨੂੰ ਪੱਤਰ ਦਿੱਤਾ ਹੈ ਜਿਸ ਵਿਚ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ ਬੋਰਡ ਨੂੰ ਹਿਦਾਇਤ ਕੀਤੀ ਹੈ ਕਿ ਅਕਾਲੀ ਦਲ ਦਿੱਲੀ ਵਲੋਂ ਜੋ ਨਗਰ ਕੀਰਤਨ ਭਾਰਤ ਤੋਂ ਨਨਕਾਨਾ ਸਾਹਿਬ ਤੱਕ ਲੈ ਕੇ ਆਇਆ ਜਾ ਰਿਹਾ ਹੈ ਉਸ ਦਾ ਹਰ ਤਰ੍ਹਾਂ ਦੇ ਪੂਰਨ ਪ੍ਰੋਟੋਕਾਲ ਮੁਤਾਬਕ ਸਵਾਗਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਨਗਰ ਕੀਰਤਨ ਦੇ ਪ੍ਰਬੰਧਾਂ ਨੂੰ ਦੇਖਣ ਲਈ ਪਾਕਿਸਤਾਨ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਅਤੇ ਓਕਾਫ ਬੋਰਡ ਦੇ ਅਧਿਕਾਰੀਆਂ ਨੂੰ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਣ ਅਤੇ ਇਸ ਦਾ ਸਵਾਗਤ ਕਰਨ ਲਈ ਸੱਦਾ ਪੱਤਰ ਦੇ ਕੇ ਆਏ ਹਨ।

ਸਰਨਾ ਨੇ ਖੁਲਾਸਾ ਕੀਤਾ ਕਿ ਐਸ.ਜੀ.ਪੀ.ਸੀ. ਨੇ ਨਨਕਾਨਾ ਸਾਹਿਬ ਤੋਂ ਜੋ ਨਗਰ ਕੀਰਤਨ ਕੱਢਣ ਦਾ ਦਾਅਵਾ ਕੀਤਾ ਹੈ ਉਸ ਦੀ ਪਾਕਿਸਤਾਨ ਸਰਕਾਰ ਨੇ ਐਸ.ਜੀ.ਪੀ.ਸੀ. ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਆਖਰੀ ਸਮੇਂ 'ਤੇ ਪਾਕਿਸਤਾਨ ਸਰਕਾਰ ਨੇ ਸਿੰਘ ਸਾਹਿਬ ਦੀ ਅਪੀਲ 'ਤੇ ਐਸ.ਜੀ.ਪੀ.ਸੀ. ਨੂੰ ਨਨਕਾਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਐਸ.ਜੀ.ਪੀ.ਸੀ. ਵਲੋਂ ਆਯੋਜਿਤ ਕੀਤਾ ਨਗਰ ਕੀਰਤਨ, ਨਗਰ ਕੀਰਤਨ ਨਹੀਂ ਹੈ। ਕਿਉਂਕਿ ਨਗਰ ਕੀਰਤਨ ਉਹ ਹੁੰਦਾ ਹੈ ਜਿਥੋਂ ਗੁਰੂ ਸਾਹਿਬ ਦਾ ਸਰੂਪ ਪਾਲਕੀ ਵਿਚ ਸੁਸ਼ੋਭਿਤ ਕਰ ਕੇ ਲਿਆਂਦਾ ਜਾਵੇ ਉਸ ਪਾਲਕੀ ਨੂੰ ਹੀ ਬਾਰਡਰ ਤੋਂ ਕ੍ਰਾਸ ਕਰ ਕੇ ਨਗਰ ਕੀਰਤਨ ਦੇ ਰੂਪ ਵਿਚ ਲਿਆਂਦਾ ਜਾਵੇ। ਸਰਨਾ ਨੇ ਕਿਹਾ ਕਿ ਉਨ੍ਹਾਂ ਵਲੋਂ 28 ਅਕਤੂਬਰ ਨੂੰ ਦਿੱਲੀ ਤੋਂ ਨਗਰ ਕੀਰਤਨ ਨਨਕਾਨਾ ਸਾਹਿਬ ਲਈ ਲੈ ਕੇ ਜਾਣ ਲਈ ਤਿਰਾਈਆਂ ਕਰ ਲਈਆਂ ਗਈਆਂ ਹਨ।