'ਪਰਿਕਸ਼ਾ ਪੇ ਚਰਚਾ' ਦੇ ਪੰਜ ਐਡੀਸ਼ਨਾਂ 'ਤੇ ਖ਼ਰਚ ਹੋਏ 28 ਕਰੋੜ ਰੁਪਏ
2018 ਤੋਂ ਸ਼ੁਰੂ ਹੋ ਕੇ ਹਰ ਸਾਲ ਵਧਦਾ ਚਲਾ ਗਿਆ ਖ਼ਰਚਾ
Image For Representational Purpose Only 
 		 		
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਵਾਲੇ ਪ੍ਰੋਗਰਾਮ 'ਪਰਿਕਸ਼ਾ ਪੇ ਚਰਚਾ' ਦੇ ਪਹਿਲੇ ਪੰਜ ਐਡੀਸ਼ਨਾਂ ‘ਤੇ 28 ਕਰੋੜ ਰੁਪਏ ਤੋਂ ਵੱਧ ਖ਼ਰਚ ਹੋਏ ਹਨ।
ਇਹ ਜਾਣਕਾਰੀ ਸਿੱਖਿਆ ਮੰਤਰਾਲੇ ਨੇ ਦਿੱਤੀ ਹੈ।
ਇਸ ਪ੍ਰੋਗਰਾਮ ਦਾ ਛੇਵਾਂ ਐਡੀਸ਼ਨ 27 ਜਨਵਰੀ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਹੋਇਆ ਸੀ।
ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ 2018 ਵਿੱਚ 'ਪਰਿਕਸ਼ਾ ਪੇ ਚਰਚਾ' ਪ੍ਰੋਗਰਾਮ 'ਤੇ 3.67 ਕਰੋੜ ਰੁਪਏ, 2019 ਵਿੱਚ 4.93 ਕਰੋੜ ਰੁਪਏ, 2020 ਵਿੱਚ 5.69 ਕਰੋੜ ਰੁਪਏ, 2021 ਵਿੱਚ 6 ਕਰੋੜ ਅਤੇ 2022 ਵਿੱਚ 8.61 ਕਰੋੜ ਰੁਪਏ ਖ਼ਰਚ ਹੋਏ।
ਮੰਤਰੀ ਦੇ ਜਵਾਬ ਵਿੱਚ ਇਸ ਸਾਲ ਦੇ ਸਮਾਗਮ 'ਤੇ ਹੋਏ ਖ਼ਰਚ ਦਾ ਵੇਰਵਾ ਨਹੀਂ ਹੈ।
ਇਸ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ 16 ਫਰਵਰੀ, 2018 ਨੂੰ ਆਯੋਜਿਤ ਕੀਤਾ ਗਿਆ ਸੀ।