ਕਾਂਗਰਸੀ ਆਗੂ ਦੇ 6 ਸਾਲਾ ਭਤੀਜਾ ਕੀਤਾ ਅਗਵਾ, ਮੰਗੀ 4 ਕਰੋੜ ਰੁਪਏ ਦੀ ਫਿਰੌਤੀ, ਕੁਝ ਹੀ ਘੰਟੇ ਬਾਅਦ ਮਿਲੀ ਮਾਸੂਮ ਦੀ ਲਾਸ਼
ਫਿਲਹਾਲ ਮਾਮਲੇ 'ਚ ਸੀਸੀਟੀਵੀ ਦੇ ਆਧਾਰ 'ਤੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇੰਦੌਰ: ਕਾਂਗਰਸੀ ਆਗੂ ਦੇ 6 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਕਾਂਗਰਸੀ ਆਗੂ ਵਿਜੇਂਦਰ ਸਿੰਘ ਚੌਹਾਨ ਦੇ ਭਰਾ ਜਤਿੰਦਰ ਸਿੰਘ ਚੌਹਾਨ ਦੇ ਛੋਟੇ ਪੁੱਤਰ ਦੇ ਬਦਲੇ ਮੁਲਜ਼ਮਾਂ ਨੇ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਫਿਲਹਾਲ ਮਾਮਲੇ 'ਚ ਸੀਸੀਟੀਵੀ ਦੇ ਆਧਾਰ 'ਤੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਵਿਜੇਂਦਰ ਸਿੰਘ ਚੌਹਾਨ ਦੇ ਭਤੀਜੇ ਹਰਸ਼ ਸਿੰਘ ਨੂੰ ਐਤਵਾਰ ਸ਼ਾਮ ਕਰੀਬ 6 ਵਜੇ ਅਗਵਾ ਕੀਤਾ ਗਿਆ। ਉਸ ਸਮੇਂ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਰਿਸ਼ਤੇਦਾਰਾਂ ਨੇ ਬੱਚੇ ਦੀ ਪਿੰਡ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਘੰਟੇ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਥਾਣੇ 'ਚ ਸ਼ਿਕਾਇਤ ਕੀਤੀ। ਐਤਵਾਰ ਰਾਤ ਕਰੀਬ 9 ਵਜੇ ਅਗਵਾਕਾਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਹਰਸ਼ ਨੂੰ ਆਪਣੇ ਕੋਲ ਹੋਣ ਦੀ ਗੱਲ ਕਹਿ ਕੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਇਸ ਦੌਰਾਨ ਪੁਲਿਸ ਨੇ ਬੱਚੇ ਦੀ ਭਾਲ ਜਾਰੀ ਰੱਖੀ ਗਈ ਪਰ ਦੇਰ ਰਾਤ ਪਤਾ ਲੱਗਾ ਕਿ ਬੱਚੇ ਦੀ ਲਾਸ਼ ਚੋਰਲ ਇਲਾਕੇ ਦੇ ਪਿੰਡ ਸੰਦਲ ਮੈਂਡਲ ਵਿੱਚ ਇੱਕ ਪੁਲੀ ਹੇਠ ਪਈ ਸੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ ਵਿਚ ਲੈ ਲਿਆ ਹੈ। ਬੱਚੇ ਦਾ ਪੋਸਟਮਾਰਟਮ ਮਹੂ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ।
ਕਿਸ਼ਨਗੰਜ ਥਾਣਾ ਇੰਚਾਰਜ ਕੁਲਦੀਪ ਖੱਤਰੀ ਮੁਤਾਬਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਲਦੀ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਘਟਨਾ ਪਿੱਛੇ ਪਰਿਵਾਰ ਨਾਲ ਸਬੰਧਤ ਲੋਕਾਂ 'ਤੇ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।