ਹਰ ਸਾਲ 10 ਕਰੋੜ ਪਲਾਸਟਿਕ ਬੋਤਲਾਂ ਨੂੰ 'ਰੀਸਾਈਕਲ' ਕਰੇਗੀ ਇੰਡੀਅਨ ਆਇਲ ਕਾਰਪੋਰੇਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਤਾਵਰਨ ਦੀ ਸੰਭਾਲ਼ 'ਚ ਪਾਵੇਗੀ ਯੋਗਦਾਨ, ਕਰਮਚਾਰੀਆਂ ਲਈ ਵਰਦੀ ਬਣਾਏਗੀ

Image

 

ਬੈਂਗਲੁਰੂ - ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ, ਅਰਥਵਿਵਸਥਾ ਨੂੰ ਕਾਰਬਨ ਮੁਕਤ ਕਰਨ ਲਈ ਕਚਰਾ ਬਣਨ ਵਾਲੀਆਂ ਕੁੱਲ 10 ਕਰੋੜ ਮਿਨਰਲ ਵਾਟਰ, ਕੋਲਡ ਡਰਿੰਕਸ ਅਤੇ ਹੋਰ 'ਪੈੱਟ' ਬੋਤਲਾਂ ਨੂੰ ਰੀਸਾਈਕਲ ਕਰੇਗੀ, ਅਤੇ ਇਨ੍ਹਾਂ ਨਾਲ ਪੈਟਰੋਲ ਪੰਪਾਂ ਅਤੇ ਐਲ.ਪੀ.ਜੀ. ਏਜੰਸੀਆਂ 'ਤੇ ਤਾਇਨਾਤ ਆਪਣੇ ਕਰਮਚਾਰੀਆਂ ਵਾਸਤੇ ਵਾਤਾਵਰਣ ਪੱਖੀ ਵਰਦੀ ਬਣਾਏਗੀ।

ਕੰਪਨੀ ਨੇ ਘਰਾਂ ਨੂੰ ਵਧੇਰੇ ਕਿਫ਼ਾਇਤੀ ਅਤੇ ਵਾਤਾਵਰਣ-ਅਨੁਕੂਲ ਖਾਣਾ ਪਕਾਉਣ ਦੇ ਵਿਕਲਪ ਪ੍ਰਦਾਨ ਕਰਨ ਲਈ ਘਰੇਲੂ ਖਾਣਾ ਬਣਾਉਣ ਵਾਲੇ ਸਟੋਵ ਵੀ ਪੇਸ਼ ਕੀਤੇ ਹਨ।

ਇਸ ਸਟੋਵ ਨੂੰ ਸੂਰਜੀ ਊਰਜਾ ਦੇ ਨਾਲ-ਨਾਲ ਸਹਾਇਕ ਊਰਜਾ ਸਰੋਤਾਂ 'ਤੇ ਵੀ ਚਲਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਥੇ 'ਇੰਡੀਆ ਊਰਜਾ ਸਪਤਾਹ' ਦੇ ਉਦਘਾਟਨ ਸਮਾਰੋਹ ਦੌਰਾਨ ਆਈ.ਓ.ਸੀ. ਦੀ ਵਰਦੀ 'ਅਨਬਾਟਲਡ' ਪੇਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 'ਇਨਡੋਰ' ਖਾਣਾ ਪਕਾਉਣ ਦੀ ਵਿਧੀ ਵੀ ਵਪਾਰਕ ਤੌਰ 'ਤੇ ਪੇਸ਼ ਕੀਤੀ।

ਮੋਦੀ ਨੇ ਕਿਹਾ ਕਿ ਇਨਡੋਰ ਸੂਰਜੀ ਕੁਕਿੰਗ ਦੀ ਸ਼ੁਰੂਆਤ ਨਾਲ ਖਾਣਾ ਪਕਾਉਣ ਦੀ ਹਰੀ ਅਤੇ ਸਾਫ਼-ਸੁਥਰੀ ਪ੍ਰਣਾਲੀ ਦੇ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਹ ਚੁੱਲ੍ਹਾ ਤਿੰਨ ਕਰੋੜ ਪਰਿਵਾਰਾਂ ਤੱਕ ਪਹੁੰਚ ਜਾਵੇਗਾ।

ਉਨ੍ਹਾਂ ਕਿਹਾ ਕਿ 'ਅਨਬਾਟਲਡ' ਤਹਿਤ 10 ਕਰੋੜ 'ਪੈੱਟ' ਬੋਤਲਾਂ ਨੂੰ ਰੀਸਾਈਕਲ ਕੀਤਾ ਜਾਵੇਗਾ, ਜਿਸ ਨਾਲ ਵਾਤਾਵਰਨ ਦੀ ਸੰਭਾਲ ਵਿੱਚ ਮਦਦ ਮਿਲੇਗੀ।

ਇਸ ਪ੍ਰੋਗਰਾਮ ਵਿੱਚ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, "ਅਸੀਂ ਊਰਜਾ ਕੁਸ਼ਲਤਾ ਉੱਤੇ ਧਿਆਨ ਦੇ ਰਹੇ ਹਾਂ। ਸਾਡਾ ਜ਼ੋਰ ਹਾਈਡ੍ਰੋਜਨ ਸਮੇਤ ਭਵਿੱਖ ਦੇ ਬਾਲਣ ਅਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਵਧਾਉਣ 'ਤੇ ਹੈ।"