2017 ਤੋਂ 2022 ਦੌਰਾਨ 30 ਲੱਖ ਤੋਂ ਵੱਧ ਭਾਰਤੀ ਉੱਚ ਸਿੱਖਿਆ ਲਈ ਵਿਦੇਸ਼ ਗਏ - ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

2022 ਵਿੱਚ 7.50 ਲੱਖ ਭਾਰਤੀਆਂ ਨੇ ਵਿਦੇਸ਼ ਜਾਣ ਦਾ ਉਦੇਸ਼ ਪੜ੍ਹਾਈ ਜਾਂ ਸਿੱਖਿਆ ਦੱਸਿਆ

Representational Image

 

ਨਵੀਂ ਦਿੱਲੀ - ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ 2017 ਤੋਂ 2022 ਦਰਮਿਆਨ 30 ਲੱਖ ਤੋਂ ਵੱਧ ਭਾਰਤੀ ਉੱਚ ਸਿੱਖਿਆ ਲਈ ਵਿਦੇਸ਼ ਗਏ।

ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਇਹ ਜਾਣਕਾਰੀ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਰਾਜੀਵ ਰੰਜਨ ਸਿੰਘ ਅਤੇ ਹੋਰ ਮੈਂਬਰਾਂ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਸਾਂਝੀ ਕੀਤੀ।

ਉਨ੍ਹਾਂ ਕਿਹਾ, "ਗ੍ਰਹਿ ਮੰਤਰਾਲੇ ਦਾ ਇਮੀਗ੍ਰੇਸ਼ਨ ਬਿਊਰੋ ਭਾਰਤੀਆਂ ਦੇ ਜਾਣ ਅਤੇ ਆਉਣ ਦੇ ਅੰਕੜੇ ਰੱਖਦਾ ਹੈ, ਪਰ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸ਼੍ਰੇਣੀ ਤਹਿਤ ਜਾਣਕਾਰੀ ਹਾਸਲ ਕਰਨ ਦਾ ਕੋਈ ਸੂਚਕਾਂਕ ਨਹੀਂ ਹੈ। ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਜਾਣਕਾਰੀ ਜਾਂ ਤਾਂ ਉਨ੍ਹਾਂ ਦੇ ਮੌਖਿਕ ਘੋਸ਼ਣਾ ਦੇ ਆਧਾਰ 'ਤੇ ਜਾਂ ਇਮੀਗ੍ਰੇਸ਼ਨ ਕਲੀਅਰੈਂਸ ਦੇ ਸਮੇਂ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਗਏ ਡੈਸਟੀਨੇਸ਼ਨ ਕੰਟਰੀ ਵੀਜ਼ੇ ਦੇ ਆਧਾਰ 'ਤੇ ਇਕੱਠੀ ਕੀਤੀ ਜਾ ਸਕਦੀ ਹੈ।"

ਸਰਕਾਰ ਨੇ ਕਿਹਾ ਕਿ 2022 ਵਿੱਚ 7.50 ਲੱਖ ਭਾਰਤੀਆਂ ਨੇ ਵਿਦੇਸ਼ ਜਾਣ ਦਾ ਉਦੇਸ਼ ਪੜ੍ਹਾਈ ਜਾਂ ਸਿੱਖਿਆ ਦੱਸਿਆ ਹੈ।

ਇਹ ਸੰਖਿਆ 2021 ਵਿੱਚ 4.4 ਲੱਖ, 2020 ਵਿੱਚ 2.59 ਲੱਖ, 2019 ਵਿੱਚ 5.86 ਲੱਖ, 2018 ਵਿੱਚ 5.17 ਲੱਖ ਅਤੇ 2017 ਵਿੱਚ 4.54 ਲੱਖ ਸੀ।

ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਕੋਈ ਵੀ ਅੰਤਰਰਾਸ਼ਟਰੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਸਰਕਾਰ ਦੀ ਕੋਈ ਤਜਵੀਜ਼ ਨਹੀਂ ਹੈ।