Narottam Dhillon Murder: ਸਾਬਕਾ CM ਬਾਦਲ ਦੇ ਚਚੇਰੇ ਭਰਾ ਦੇ ਕਤਲ 'ਚ ਵੱਡਾ ਖੁਲਾਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਸਟਾਗ੍ਰਾਮ 'ਤੇ ਦੋਸਤ ਬਣੀ ਲੜਕੀ ਨੇ ਅਪਣੇ ਦੋਸਤਾਂ ਨਾਲ ਮਿਲ ਕੇ ਕੀਤੀ ਹਤਿਆ

Narottam Singh Dhillon Murder case

Narottam Dhillon Murder: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦਾ ਗੋਆ ਵਿਚ ਕਤਲ ਕਰ ਦਿਤਾ ਗਿਆ ਸੀ। ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਰੋਤਮ ਢਿੱਲੋਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਅੰਦਰੂਨੀ ਜ਼ਖਮ ਸਨ। ਪੁਲਿਸ ਨੇ ਮਾਮਲੇ 'ਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਾਰਾਸ਼ਟਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।

ਇਸ ਦੌਰਾਨ ਗੋਆ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਜਦਕਿ ਔਰਤ ਸਮੇਤ 4 ਵਿਰੁਧ ਕਤਲ, ਲੁੱਟ-ਖੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਨਰੋਤਮ ਢਿੱਲੋਂ ਉਰਫ ਨਿਮਸ ਢਿੱਲੋਂ ਉਰਫ ਨਿੰਮਿਸ ਬਾਦਲ ਦੀ ਲਾਸ਼ ਉੱਤਰੀ ਗੋਆ ਦੇ ਪੋਰਵਾਰੀਮ ਇਲਾਕੇ 'ਚ ਸਥਿਤ ਉਸ ਦੇ ਵਿਲਾ 'ਚੋਂ ਬਰਾਮਦ ਹੋਈ ਹੈ। ਨਰੋਤਮ ਗੋਆ ਵਿਚ ਇਕੱਲਾ ਰਹਿੰਦਾ ਸੀ, ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਫਿਲਹਾਲ ਇਸ ਸਬੰਧੀ ਬਾਦਲ ਪਰਵਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਗਈ ਹੈ।

ਮਹਾਰਾਸ਼ਟਰ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਢਿੱਲੋਂ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਅਤੇ ਕੜੇ ਸਮੇਤ 45 ਲੱਖ ਰੁਪਏ ਦਾ ਸਾਮਾਨ ਲੁੱਟ ਲਿਆ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਿਤੇਂਦਰ ਰਾਮਚੰਦਰ ਸਾਹੂ (32) ਅਤੇ ਨੀਤੂ ਸ਼ੰਕਰ ਰਹੂਜਾ (22) ਵਾਸੀ ਭੋਪਾਲ, ਮੱਧ ਪ੍ਰਦੇਸ਼ ਵਜੋਂ ਹੋਈ ਹੈ। ਮਹਾਰਾਸ਼ਟਰ ਪੁਲਿਸ ਨੇ ਇਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ।

ਮਹਾਰਾਸ਼ਟਰ ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਮੰਨਿਆ ਕਿ ਉਸ ਨੇ ਗੋਆ ਦੇ ਰਹਿਣ ਵਾਲੇ 77 ਸਾਲਾ ਨਿਮਸ ਢਿੱਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਗੱਲਬਾਤ ਸ਼ੁਰੂ ਕੀਤੀ ਸੀ। ਨਿਮਸ ਨੇ ਖੁਦ ਉਸ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਅਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ 'ਚ ਰੁਕਣ ਦਾ ਸੱਦਾ ਦਿਤਾ ਸੀ। ਨਿਮਸ ਦੇ ਸੱਦੇ 'ਤੇ ਲੜਕੀ ਅਪਣੇ ਦੋ ਹੋਰ ਦੋਸਤਾਂ ਨਾਲ ਉਸ ਨੂੰ ਮਿਲਣ ਗੋਆ ਆਈ ਸੀ।

ਖ਼ਬਰਾਂ ਅਨੁਸਾਰ ਗ੍ਰਿਫਤਾਰ ਲੜਕੀ ਨੇ ਦਾਅਵਾ ਕੀਤਾ ਹੈ ਕਿ 4 ਫਰਵਰੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਨਿਮਸ ਨੇ ਉਸ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਮਿਲ ਕੇ ਕਤਲ ਕਰ ਦਿਤਾ। ਬਜ਼ੁਰਗ ਦੀ ਮੌਤ ਤੋਂ ਬਾਅਦ ਲੜਕੀ ਅਤੇ ਉਸ ਦੇ ਦੋ ਦੋਸਤ ਉਥੋਂ ਭੱਜ ਗਏ। ਫਰਾਰ ਹੋਣ ਤੋਂ ਪਹਿਲਾਂ ਦੋਵਾਂ ਨੇ ਨਰੋਤਮ ਦਾ ਮੋਬਾਈਲ ਫੋਨ, ਗਲੇ ਦੀ ਚੇਨ ਅਤੇ ਸੋਨੇ ਦਾ ਕੜਾ ਲੁੱਟ ਲਿਆ। ਦੱਸ ਦੇਈਏ ਕਿ ਨਰੋਤਮ ਢਿੱਲੋਂ ਗੋਆ ਦੇ ਮਸ਼ਹੂਰ ਕਾਰੋਬਾਰੀ ਸਨ। ਉਹ ਇਲਾਕਾ ਜਿਥੇ ਉਸ ਦਾ ਵਿਲਾ ਸਥਿਤ ਹੈ, ਉਹ ਅਮੀਰਾਂ ਲਈ ਮਸ਼ਹੂਰ ਹੈ। ਢਿੱਲੋਂ ਦੇ ਉਕਤ ਇਲਾਕੇ ਵਿਚ 3 ਵਿਲਾ ਹਨ। ਢਿੱਲੋਂ ਖੁਦ ਵੀ ਇਕ ਬਹੁਤ ਹੀ ਸ਼ਾਨਦਾਰ ਘਰ ਵਿਚ ਰਹਿੰਦੇ ਸੀ।

ਗੋਆ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੋਰਵਾਰੀਮ ਪੁਲਿਸ ਸਟੇਸ਼ਨ ਵਿਚ ਦੋਨਾਂ ਦੇ ਖਿਲਾਫ ਕਤਲ, ਡਕੈਤੀ ਅਤੇ ਧੋਖਾਧੜੀ ਦੀਆਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਕਿਉਂਕਿ ਗੋਆ ਆਉਣ ਤੋਂ ਬਾਅਦ ਦੋਹਾਂ ਨੇ ਟਰਾਂਸਪੋਰਟ ਤੋਂ ਕਾਰ ਕਿਰਾਏ 'ਤੇ ਲਈ ਸੀ। ਉਸੇ ਕਾਰ ਵਿਚ ਬੈਠ ਕੇ ਉਹ ਨਰੋਤਮ ਕੋਲ ਪਹੁੰਚ ਗਏ। ਕਤਲ ਅਤੇ ਲੁੱਟ ਦੀ ਵਾਰਦਾਤ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਫਰਾਰ ਹੋਣ ਸਮੇਂ ਵੀ ਮੁਲਜ਼ਮਾਂ ਨੇ ਕਿਰਾਏ ਦੀ ਕਾਰ ਦੀ ਵਰਤੋਂ ਕੀਤੀ ਸੀ।

 (For more Punjabi news apart from Narottam Singh Dhillon Murder case latest news update in Punjabi, stay tuned to Rozana Spokesman)