ਅਸੀਂ ਹਾਈ ਕੋਰਟਾਂ ਦੇ ਕਟ, ਕਾਪੀ ਤੇ ਪੇਸਟ ਤੋਂ ਪਰੇਸ਼ਾਨ : ਸੁਪਰੀਮ ਕੋਰਟ
ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ ਟਿੱਪਣੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਕੰਪਿਊਟਰ ਯੁੱਗ ’ਚ ਉਹ ਹਾਈ ਕੋਰਟਾਂ ਵਲੋਂ ਕੀਤੇ ਜਾ ਰਹੇ ਕਟ, ਕਾਪੀ ਤੇ ਪੇਸਟ ਦੇ ਕੰਮ ਤੋਂ ਪਰੇਸ਼ਾਨ ਹੈ ਜੋ ਅਪਣੇ ਆਦੇਸ਼ਾਂ ’ਚ ਅਪਣੇ ਆਜ਼ਾਦ ਦਿਮਾਗ਼ ਦੀ ਵਰਤੋਂ ਨਹੀਂ ਕਰਦੇ। ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਐੱਮਆਰ ਸ਼ਾਹ ਦੇ ਬੈਂਚ ਨੇ ਇਹ ਟਿਪਣੀ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ।
ਯੂਪੀਐੱਸਸੀ ਨੇ ਉਡੀਸ਼ਾ ਹਾਈ ਕੋਰਟ ਨੇ ਉਸ ਆਦੇਸ਼ ਨੂੰ ਚੁਨੌਤੀ ਦਿਤੀ ਹੈ, ਜਿਸ ’ਚ ਉਸ ਨੇ ਕੇਂਦਰੀ ਪ੍ਰਸ਼ਾਸਨਿਕ ਅਥਾਰਟੀ (ਕੈਟ) ਦੇ ਫ਼ੈਸਲੇ ਨੂੰ ਬਰਕਰਾਰ ਰਖਿਆ ਸੀ।
ਕੈਟ ਨੇ ਯੂਪੀਐੱਸਪੀ ਤੋਂ ਇਕ ਵਿਅਕਤੀ ਨੂੰ ਆਈਏਐੱਸ ਕੇਡਰ ਪ੍ਰਦਾਨ ਕਰਨ ਦਾ ਮਾਮਲਾ ਵੇਖਣ ਲਈ ਕਿਹਾ ਸੀ। ਉਚ ਅਦਾਲਤ ਨੇ ਹਾਈ ਕੋਰਟ ਵਲੋਂ ਰੱਦ ਪਟੀਸ਼ਨ ਬਹਾਲ ਕਰਦਿਆਂ ਕਿਹਾ ਕਿ ਅਥਾਰਟੀ ਦੇ ਫ਼ੈਸਲੇ ਨੂੰ ਕਟ, ਕਾਪੀ ਤੇ ਪੇਸਟ ਕਰਨ ਨਾਲ ਸਿਰਫ਼ ਪੇਜਾਂ ਦੀ ਗਿਣਤੀ ਵਧਦੀ ਹੈ ਪਰ ਅਪੀਲ ਦੇ ਮੁੱਖ ਮੁੱਦੇ ਦਾ ਜਵਾਬ ਨਹੀਂ ਮਿਲਦਾ।
ਜਸਟਿਸ ਚੰਦਰਚੂੜ ਨੇ ਅੱਗੇ ਕਿਹਾ ਕਿ ਜਦੋਂ ਆਦੇਸ਼ਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਤਾਂ ਕਾਰਨ ਵੀ ਦਿਤਾ ਜਾਣਾ ਚਾਹੀਦਾ। ਇਸ ’ਚ ਅਪਣਾ ਦਿਮਾਗ਼ ਲਾਇਆ ਜਾਣਾ ਚਾਹੀਦਾ।