ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਲ੍ਹ 'ਚ ਹੀ ਹੋਲੀ ਮਨਾਉਣਗੇ ਮਨੀਸ਼ ਸਿਸੋਦੀਆ

Manish Sisodia

 

 ਨਵੀਂ ਦਿੱਲੀ: ਮਨੀਸ਼ ਸਿਸੋਦੀਆ ਦੀ ਹੋਲੀ ਹੁਣ ਤਿਹਾੜ ਜੇਲ੍ਹ ਵਿੱਚ ਮਨਾਈ ਜਾਵੇਗੀ। ਰਾਉਸ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਿਸੋਦੀਆ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ (6 ਮਾਰਚ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਨੇਤਾ ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਅਦਾਲਤ ਦੇ ਅੰਦਰ ਸੀਬੀਆਈ ਦੇ ਵਕੀਲ ਨੇ ਸਿਸੋਦੀਆ 'ਤੇ ਦੋਸ਼ ਲਗਾਇਆ ਕਿ ਗਵਾਹ ਵੀ ਉਨ੍ਹਾਂ ਦੇ ਵਿਹਾਰ ਤੋਂ ਡਰਦੇ ਹਨ ਅਤੇ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ। ਜਿਸ ਦਾ ਸਿਸੋਦੀਆ ਸਖ਼ਤ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ: ਲੁਧਿਆਣਾ 'ਚ ਭੈਣ ਨੂੰ ਛੇੜਨ ਤੋਂ ਰੋਕਣ 'ਤੇ ਬਦਮਾਸ਼ਾਂ ਨੇ ਭਰਾ ਦੀ ਕੀਤੀ ਕੁੱਟਮਾਰ

ਇਸ ਦੇ ਨਾਲ ਹੀ ਸੀਬੀਆਈ ਦੇ ਵਕੀਲ ਨੇ ਕਿਹਾ, "ਇਸ ਸਥਿਤੀ ਵਿੱਚ, ਅਸੀਂ ਹੋਰ ਸੀਬੀਆਈ ਰਿਮਾਂਡ ਦੀ ਮੰਗ ਨਹੀਂ ਕਰ ਰਹੇ ਹਾਂ, ਪਰ ਅਸੀਂ ਅਗਲੇ 15 ਦਿਨਾਂ ਵਿੱਚ ਇਸ ਦੀ ਮੰਗ ਕਰ ਸਕਦੇ ਹਾਂ। ਅਦਾਲਤ ਨੇ ਮਨੀਸ਼ ਦੀ ਮੈਡੀਕਲ ਜਾਂਚ ਦੇ ਵੀ ਆਦੇਸ਼ ਦਿੱਤੇ ਹਨ।" ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: UP ਦੀ ਵੱਡੀ ਖਬਰ: ਸਹਾਰਨਪੁਰ 'ਚ ਹੋਲੀ ਤੋਂ ਪਹਿਲਾਂ ਦੋ ਧਿਰਾਂ 'ਚ ਆਪਸ ਚ ਭਿੜੀਆਂ, 7 ਜ਼ਖਮੀ

ਸਿਸੋਦੀਆ ਹੁਣ ਤੱਕ ਕੁੱਲ 7 ਦਿਨਾਂ ਦੇ ਰਿਮਾਂਡ 'ਤੇ ਰਹਿ ਚੁੱਕੇ ਹਨ । ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਹਫ਼ਤੇ ਲਈ ਸੀਬੀਆਈ ਦੀ ਹਿਰਾਸਤ ਵਿੱਚ ਸਨ। ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ 8 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। 27 ਫਰਵਰੀ ਨੂੰ ਰਾਊਜ਼ ਐਵੇਨਿਊ ਕੋਰਟ ਨੇ ਸਿਸੋਦੀਆ ਨੂੰ 4 ਮਾਰਚ ਤੱਕ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਸੀ, ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ। ਇਸ ਦੌਰਾਨ ਸਿਸੋਦੀਆ ਨੇ ਸੁਪਰੀਮ ਕੋਰਟ 'ਚ ਵੀ ਆਪਣੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਸਿਸੋਦੀਆ ਨੂੰ ਸ਼ਨੀਵਾਰ (4 ਮਾਰਚ) ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਫਿਰ ਜੱਜ ਐਮਕੇ ਨਾਗਪਾਲ ਨੇ ਉਸ ਨੂੰ ਦੋ ਦਿਨ ਹੋਰ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ। ਸੀਬੀਆਈ ਨੇ ਅਦਾਲਤ ਤੋਂ ਉਸ ਦੀ ਤਿੰਨ ਦਿਨ ਦੀ ਰਿਮਾਂਡ ਮੰਗੀ ਸੀ।