‘ਮਾਡਲ ਕੋਡ ਆਫ ਕੰਡਕਟ’ ਬਣਿਆ 'ਮੋਦੀ ਕੋਡ ਆਫ ਕੰਡਕਟ'- ਕਾਂਗਰਸ
ਕਾਂਗਰਸ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਮਾਡਲ ਕੋਡ ਆਫ ਕੰਡਕਟ’ ਹੁਣ 'ਮੋਦੀ ਕੋਡ ਆਫ ਕੰਡਕਟ' ਬਣ ਗਿਆ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਹਨ, ਰਾਜਨੀਤਿਕ ਦਲਾਂ ਦੇ ਵਿਚਕਾਰ ਜ਼ੁਬਾਨੀ ਜੰਗ ਵਧ ਗਈ ਹੈ। ਹੁਣ ਕਾਂਗਰਸ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਮਾਡਲ ਕੋਡ ਆਫ ਕੰਡਕਟ’ ਹੁਣ 'ਮੋਦੀ ਕੋਡ ਆਫ ਕੰਡਕਟ' ਬਣ ਗਿਆ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ, ‘ਕੀ ਐਮਸੀਸੀ (ਮਾਡਲ ਕੋਡ ਆਫ ਕੰਡਕਟ) ਹੁਣ ਮੋਦੀ ਕੋਡ ਆਫ ਕੰਡਕਟ ਬਣ ਗਿਆ ਹੈ’?
ਉਹਨਾਂ ਨੇ ਦਾਅਵਾ ਕੀਤਾ ਕਿ ਆਦਿੱਤਿਆਨਾਥ ਭਾਰਤੀ ਸੈਨਾ ਦਾ ਅਪਮਾਨ ਕਰਦੇ ਹਨ ਅਤੇ ਚੋਣ ਕਮਿਸ਼ਨ ਉਹਨਾਂ ਨੂੰ ‘ਪ੍ਰੇਮ ਪੱਤਰ’ ਲਿਖਦਾ ਹੈ। ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਇਨਸਾਫ ਯੋਜਨਾ ਨੂੰ ਕੋਸਦੇ ਹਨ, ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅੱਗੇ ਤੋਂ ਅਜਿਹਾ ਨਾ ਕਰੋ। ਉਹਨਾਂ ਸਵਾਲ ਕੀਤਾ ਕਿ ਚੋਣ ਕਮਿਸ਼ਨ ਸੱਤਾਧਾਰੀ ਤਾਕਤਾਂ ਨੂੰ ਸੱਚਾਈ ਦਾ ਸ਼ੀਸ਼ਾ ਦਿਖਾਉਣ ਤੋਂ ਕਿਉਂ ਘਬਰਾ ਰਿਹਾ ਹੈ?
ਦੱਸ ਦਈਏ ਕਿ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ‘ਮੋਦੀ ਜੀ ਕੀ ਸੈਨਾ’ ਵਾਲੇ ਬਿਆਨ ‘ਤੇ ਹਲਕੀ ਜਿਹੀ ਨਰਾਜ਼ਗੀ ਜਿਤਾ ਕੇ ਛੱਡ ਦਿੱਤਾ ਹੈ ਅਤੇ ਭਵਿੱਖ ਵਿਚ ਉਹਨਾਂ ਨੂੰ ਆਪਣੀਆਂ ਟਿੱਪਣੀਆਂ ਵਿਚ ਸਾਵਧਾਨੀ ਵਰਤਣ ਲਈ ਕਿਹਾ ਹੈ।
ਸੂਤਰਾਂ ਮੁਤਾਬਿਕ ਯੋਗੀ ਦੇ ਬਿਆਨ ਤੋਂ ਚੋਣ ਕਮਿਸ਼ਨ ਸੰਤੁਸ਼ਟ ਨਹੀਂ ਸੀ ਅਤੇ ਉਸਨੇ ਉਹਨਾਂ ਨੂੰ ਭਵਿੱਖ ਵਿਚ ਆਪਣੇ ਬਿਆਨਾਂ ਵਿਚ ਸਾਵਧਾਨੀ ਵਰਤਣ ਲਈ ਕਿਹਾ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਅਦਿੱਤਿਆਨਾਥ ਨੂੰ ਇਹ ਵੀ ਕਿਹਾ ਕਿ ਸੀਨੀਅਰ ਨੇਤਾ ਹੋਣ ਦੇ ਨਾਤੇ ਉਹਨਾਂ ਦੇ ਬਿਆਨਾਂ ਵਿਚ ਉਹਨਾਂ ਦਾ ਕੱਦ ਝਲਕਣਾਂ ਚਾਹੀਦਾ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਕਾਂਗਰਸ ਦੇ ਚੁਣਾਵੀ ਵਾਅਦੇ ਦੇ ਰੂਪ ਵਿਚ ਘੋਸ਼ਿਤ ‘ਨਿਆ ਯੋਜਨਾ’ ਦੀ ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਵੱਲੋਂ ਕੀਤੀ ਗਈ ਅਲੋਚਨਾ ਨੂੰ ਚੋਣ ਕਮਿਸ਼ਨ ਦੀ ਉਲੰਘਣਾ ਕਰਾਰ ਦਿੱਤਾ ਹੈ। ਕਮਿਸ਼ਨ ਨੇ ਇਸ ਮਾਮਲੇ ‘ਚ ਉਹਨਾਂ ਨੂੰ ਭਵਿੱਖ ਵਿਚ ਸੁਚੇਤ ਰਹਿਣ ਦੀ ਨਸੀਹਤ ਦਿੱਤੀ ਹੈ।