ਜਸਟਿਸ ਐਨਵੀ ਰਮਨਾ ਹੋਣਗੇ ਦੇਸ਼ ਦੇ ਨਵੇਂ ਚੀਫ ਜਸਟਿਸ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ
24 ਅਪ੍ਰੈਲ ਨੂੰ ਸੰਭਾਲਣਗੇ ਅਹੁਦਾ
ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਭਾਰਤ ਦੇ ਅਗਲੇ ਚੀਫ ਜਸਟਿਸ ਦੇ ਰੂਪ ਵਿਚ ਜਸਟਿਸ ਐਨਵੀ ਰਮਨਾ ਨੂੰ ਨਿਯੁਕਤ ਕੀਤਾ ਹੈ। ਉਹਨਾਂ ਨੇ ਜਸਟਿਸ ਰਮਨਾ ਦੀ ਨਿਯੁਕਤੀ ’ਤੇ ਮੋਹਰ ਲਗਾ ਦਿੱਤੀ ਹੈ। ਜਸਟਿਸ ਰਮਨਾ 24 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ। ਉਹ ਸੀਜੇਆਈ ਦੇ ਅਹੁਦੇ ’ਤੇ ਇਕ ਸਾਲ, ਚਾਰ ਮਹੀਨੇ ਤੱਕ ਰਹਿਣਗੇ। ਦੱਸ ਦਈਏ ਭਾਰਤ ਦੇ ਚੀਫ ਜਸਟਿ ਸ਼ਰਦ ਅਰਵਿੰਦ ਬੋਬੜੇ 23 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ।
ਕੌਣ ਹਨ ਜਸਟਿਸ ਰਮਨਾ
ਦੱਸ ਦਈਏ ਕਿ ਜਸਟਿਸ ਐਨਵੀ ਰਮਨਾ ਆਂਧਰਾ ਪ੍ਰਦੇਸ਼ ਦੇ ਖੇਤੀਬਾੜੀ ਨਾਲ ਸਬੰਧਤ ਪਰਿਵਾਰ ਤੋਂ ਹਨ। ਉਹਨਾਂ ਨੂੰ ਜੂਨ 2000 ਵਿਚ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਥਾਈ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਫਰਵਰੀ 2014 ਵਿਚ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਉਹ ਦਿੱਲੀ ਹਾਈਕੋਰਟ ਦੇ ਮੁੱਖ ਜੱਜ ਰਹਿ ਚੁੱਕੇ ਹਨ।
ਜਸਟਿਸ ਰਮਨਾ ਦੀ ਬੈਂਚ ਨੇ ਜੰਮੂ ਕਸ਼ਮੀਰ ਵਿਚ ਇੰਟਰਨੈੱਟ ਪਾਬੰਧੀਆਂ ’ਤੇ ਫੈਸਲਾ ਦਿੱਤਾ ਸੀ ਕਿ ਇਸ ਦੀ ਤੁਰੰਤ ਸਮੀਖਿਆ ਕਰਨੀ ਚਾਹੀਦੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਪਾਬੰਧੀਆਂ ਹਟਾ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਜਸਟਿਸ ਐਨਵੀ ਰਮਨਾ ਉਸ ਪੰਜ ਜੱਜਾਂ ਦੀ ਬੈਂਚ ਦਾ ਵੀ ਹਿੱਸਾ ਸਨ, ਜਿਸ ਨੇ ਕਿਹਾ ਸੀ ਕਿ ਸੀਜੇਆਈ ਦਫ਼ਤਰ ਆਰਟੀਆਈ ਦੇ ਤਹਿਤ ਆਏਗਾ।