ਪੱਛਮ ਬੰਗਾਲ 'ਚ ਭਾਜਪਾ ਉਮੀਦਵਾਰ ਦੀ ਧਮਕੀ
''ਯੂਪੀ ਤੋਂ ਲੋਕ ਮੰਗਵਾ ਕੇ ਟੀਐਮਸੀ ਵਰਕਰਾਂ ਨੂੰ ਕੁੱਤਿਆਂ ਵਾਂਗ ਕੁਟਵਾਊਂਗੀ''
ਬੰਗਾਲ- ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ 'ਤੇ ਪੱਛਮ ਬੰਗਾਲ ਤੋਂ ਚੋਣ ਲੜ ਰਹੀ ਸਾਬਕਾ ਆਈਪੀਐਸ ਭਾਰਤੀ ਘੋਸ਼ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਲੈ ਕੇ ਦਿਤੇ ਗਏ ਬਿਆਨ ਕਾਰਨ ਸੁਰਖ਼ੀਆਂ ਵਿਚ ਹੈ। ਭਾਜਪਾ ਉਮੀਦਵਾਰ ਨੇ ਕਿਹਾ ਕਿ ਜੇਕਰ ਵੋਟਰਾਂ ਨੂੰ ਧਮਕੀ ਦਿਤੀ ਗਈ ਤਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਉਨ੍ਹਾਂ ਦੇ ਘਰ ਤੋਂ ਖਿੱਚ ਕੇ ਬਾਹਰ ਕੱਢਿਆ ਜਾਵੇਗਾ
ਅਤੇ ਕੁੱਤਿਆਂ ਵਾਂਗ ਕੁੱਟਿਆ ਜਾਵੇਗਾ, ਜਾਣਕਾਰੀ ਅਨੁਸਾਰ ਉਨ੍ਹਾਂ ਨੇ ਟੀਐਮਸੀ ਵਰਕਰਾਂ ਨੂੰ ਕੁਟਵਾਉਣ ਲਈ ਯੂਪੀ ਤੋਂ ਹਜ਼ਾਰਾਂ ਮੁੰਡਿਆਂ ਨੂੰ ਬੁਲਾਉਣ ਦੀ ਗੱਲ ਵੀ ਕਹੀ ਹੈ। ਭਾਜਪਾ ਦੀ ਇਸ ਉਮੀਦਵਾਰ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਿਸੇ ਵੇਲੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਾਫ਼ੀ ਕਰੀਬੀ ਰਹੀ ਘੋਸ਼ ਦਾ ਇਹ ਬਿਆਨ ਘਾਟਲ ਹਲਕੇ ਵਿਚ ਚੋਣ ਪ੍ਰਚਾਰ ਦੌਰਾਨ ਸਾਹਮਣੇ ਆਇਆ।
ਘੋਸ਼ ਨੇ ਹਾਲ ਹੀ ਵਿਚ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ। ਫਿਲਹਾਲ ਭਾਜਪਾ ਉਮੀਦਵਾਰ ਦੇ ਇਸ ਬਿਆਨ ਨੂੰ ਲੈ ਕੇ ਪੱਛਮ ਬੰਗਾਲ ਵਿਚ ਰਾਜਨੀਤੀ ਕਾਫ਼ੀ ਗਰਮਾਈ ਹੋਈ ਹੈ।