ਮੋਦੀ ਨੇ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦਾ ਕੀਤਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਪੱਛਮੀ ਬੰਗਾਲ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਤ੍ਰਿਣਮੂਲ ਕਾਂਗਰਸ (TMC) ਦੇ 40 ਵਿਧਾਇਕ ਉਹਨਾਂ ਦੇ ਸੰਪਰਕ ਵਿਚ ਹਨ।

Narendra Modi

ਕੋਲਕਾਤਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਤ੍ਰਿਣਮੂਲ ਕਾਂਗਰਸ (TMC)  ਦੇ 40 ਵਿਧਾਇਕ ਉਹਨਾਂ ਦੇ ਸੰਪਰਕ ਵਿਚ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ 23 ਮਈ ਤੋਂ ਬਾਅਦ ਇਹ ਸਾਰੇ ਵਿਧਾਇਕ ਪਾਰਟੀ ਛੱਡ ਦੇਣਗੇ। ਬੰਗਾਲ ਦੇ ਸ੍ਰੀਰਾਮਪੁਰ ਵਿਚ ਪੀਐਮ ਮੋਦੀ ਨੇ ਕਿਹਾ ਕਿ ਪਹਿਲਾਂ ਸਿਰਫ ਮੋਦੀ ਨੂੰ ਗਾਲਾਂ ਦਿੱਤੀਆ ਜਾਂਦੀਆਂ ਸਨ ਹੁਣ ਈਵੀਐਮ ਨੂੰ ਵੀ ਗਾਲਾਂ ਦਿੱਤੀਆ ਜਾ ਰਹੀਆਂ ਹਨ।

ਪੀਐਮ ਮੋਦੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਦਾ ਪ੍ਰਚਾਰ ਅਭਿਆਨ ਮੋਦੀ ਨੂੰ ਗਾਲਾਂ ਦੇਣ ‘ਤੇ ਕੇਂਦਰਿਤ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਇਹਨਾਂ ਨੂੰ ਕੱਢ ਦੇਵੋਗੇ ਤਾਂ ਕੁਝ ਨਹੀਂ ਬਚੇਗਾ। ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਝਾਰਖੰਡ ਦੇ ਕੋਡਰਮਾ ਵਿਚ ਰੈਲੀ ਨੂੰ ਸੰਬੋਧਨ ਕੀਤਾ ਸੀ। ਕੋਡਰਮਾ ਵਿਚ ਪੀਐਮ ਮੋਦੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ‘ਮਿਸ਼ਨ ਮਹਾਮਿਲਾਵਟ’ ਪ੍ਰਤੀ ਸਾਵਧਾਨ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਵਿਰੋਧੀਆਂ ਦਾ ਮਹਾਂ ਗਠਜੋੜ ਦੇਸ਼ ਵਿਚ ਸੰਪੂਰਨ ਬਹੁਮਤ ਦੀ ਸਰਕਾਰ ਨਹੀਂ ਚਾਹੁੰਦਾ।

ਝਾਰਖੰਡ ਦੇ ਕੋਡਰਮਾ ਵਿਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਇਕ ਕਮਜ਼ੋਰ ਸਰਕਾਰ ਚਾਹੁੰਦੇ ਹਨ ਜਿਸ ਨੂੰ ਉਹ ‘ਰਿਮੋਟ ਕੰਟਰੋਲ’ ਨਾਲ ਚਲਾ ਸਕੇ। ਪੀਐਮ ਮੋਦੀ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੱਥੇ ਇਹਨਾਂ ਨੂੰ ਅਪਣਾ ਵੋਟ ਬੈਂਕ ਨਹੀਂ ਦਿਖਦਾ ਇਹ ਲੋਕ ਉਸ ਇਲਾਕੇ ਨੂੰ ਗਰੀਬ ਬਣਾ ਕੇ ਰੱਖਦੇ ਹਨ।