ਪੂਰੀ ਤਰ੍ਹਾਂ ਸੁਰੱਖਿਅਤ ਹੈ 'ਅਰੋਗਿਆ ਸੇਤੁ ਐਪ', ਉਠ ਰਹੇ ਸਵਾਲਾਂ 'ਤੇ ਸਰਕਾਰ ਦਾ ਜਵਾਬ
ਟੀਮ ਨੇ ਕਿਹਾ ਕਿ ਇਸ ਐਪ ਦੁਆਰਾ ਯੂਜ਼ਰ ਦੀ ਨਿਜਤਾ...
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਟ੍ਰੈਕਿੰਗ ਮੋਬਾਇਲ ਐਪ ਆਰੋਗਿਆ ਸੇਤੁ ਤੇ ਪਿਛਲੇ ਕਈ ਦਿਨਾਂ ਤੋਂ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਨਿਜਤਾ ਦੇ ਉਲੰਘਣ ਨੂੰ ਲੈ ਕੇ ਉਠ ਰਹੇ ਸਵਾਲਾਂ ਤੇ ਸਰਕਾਰ ਦਾ ਜਵਾਬ ਆਇਆ ਹੈ। ਆਰੋਗਿਆ ਸੇਤੁ ਨੇ ਅੱਜ ਸਵੇਰੇ ਬਿਆਨ ਜਾਰੀ ਕਰ ਕੇ ਐਪ ਵਿਚ ਡਾਟਾ ਸੁਰੱਖਿਆ ਨੂੰ ਨੁਕਸਾਨ ਅਤੇ ਨਿਜਤਾ ਦੇ ਉਲੰਘਣ ਦੀ ਗੱਲ ਗਲਤ ਦੱਸੀ ਹੈ।
ਟੀਮ ਨੇ ਕਿਹਾ ਕਿ ਇਸ ਐਪ ਦੁਆਰਾ ਯੂਜ਼ਰ ਦੀ ਨਿਜਤਾ ਦਾ ਉਲੰਘਣ ਨਹੀਂ ਹੁੰਦਾ ਹੈ। ਆਰੋਗਿਆ ਸੇਤੁ ਵੱਲੋਂ ਕਿਹਾ ਗਿਆ ਹੈ ਕਿ ਇਕ ਹੈਕਰ ਨੇ ਕੁੱਝ ਸਵਾਲ ਚੁੱਕੇ ਸਨ ਪਰ ਆਰੋਗਿਆ ਸੇਤੁ ਐਪ ਵਿਚ ਕੋਈ ਖਾਮੀ ਨਹੀਂ ਪਾਈ ਗਈ। ਉਹ ਲਗਾਤਾਰ ਟੈਸਟਿੰਗ ਅਤੇ ਅਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਹੇ ਹਨ। ਇਕ ਹੈਕਰ ਨੇ ਇਸ ਤੋਂ ਪਹਿਲਾਂ ਆਰੋਗਿਆ ਸੇਤੁ ਨੂੰ ਟੈਗ ਕਰ ਕੇ ਟਵੀਟ ਤੇ ਦਾਅਵਾ ਕੀਤਾ ਸੀ ਕਿ ਇਸ ਐਪ ਰਾਹੀਂ ਨੌਂ ਕਰੋੜ ਭਾਰਤੀ ਯੂਜ਼ਰਸ ਦੀ ਪ੍ਰਾਇਵੇਸੀ ਨੂੰ ਖ਼ਤਰਾ ਹੈ।
ਦਸ ਦਈਏ ਕਿ ਕੱਲ੍ਹ ਇਕ ਫ੍ਰੈਂਚ ਹੈਕਰ ਨੇ ਆਰੋਗਿਆ ਸੇਤੁ ਐਪ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਸੀ। ਫ੍ਰੈਂਚ ਹੈਕਰ ਰਾਬਰਟ ਬੈਪਟਿਸਟ ਨੇ ਕਿਹਾ ਕਿ ਉਹਨਾਂ ਨੇ ਇਸ ਐਪ ਵਿਚ ਖਾਮੀ ਲੱਭੀ ਹੈ। ਹੈਕਰ ਨੇ ਟਵੀਟ ਕੀਤਾ ਕਿ “Aarogya Setu ਐਪ ਦੀ ਸਿਕਿਊਰਿਟੀ ਵਿਚ ਗੜਬੜ ਮਿਲੀ ਹੈ। ਨੌਂ ਕਰੋੜ ਭਾਰਤੀ ਯੂਜ਼ਰਾ ਦੀ ਪ੍ਰਾਇਵੇਸੀ ਨੂੰ ਇਸ ਤੋਂ ਖ਼ਤਰਾ ਹੈ। ਕੀ ਤੁਸੀਂ ਪ੍ਰਾਇਵੇਟ ਵਿਚ ਕੰਨਟੈਕਟ ਕਰ ਸਕਦੇ ਹੋ?”
ਗੌਰਤਲਬ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਏਆਈਐਮਆਈਐਮ ਚੀਫ ਅਸਦੁਦੀਨ ਓਵੈਸੀ ਨੇ ਆਰੋਗਿਆ ਸੇਤੁ ਐਪ ਤੇ ਸਵਾਲ ਚੁੱਕੇ ਸਨ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਆਰੋਗਿਆ ਸੇਤੁ ਐਪ ਇਕ ਜਟਿਲ ਸਰਵੇਲਾਂਸ ਸਿਸਟਮ ਹੈ। ਇਹ ਇਕ ਪ੍ਰਾਇਵੇਟ ਆਪਰੇਟਰ ਤੋਂ ਆਉਟਸੋਸਰਡ ਹੈ। ਇਸ ਦਾ ਕੋਈ ਸੰਸਥਾਗਤ ਨਿਰੀਖਣ ਵੀ ਨਹੀਂ ਹੈ। ਅਜਿਹੇ ਵਿਚ ਇਹ ਇਕ ਗੰਭੀਰ ਡਾਟਾ ਸਿਕਿਊਰਿਟੀ ਅਤੇ ਪ੍ਰਾਇਵੇਸੀ ਦਾ ਮਾਮਲਾ ਖੜ੍ਹਾ ਹੁੰਦਾ ਹੈ।
ਦੇਸ਼ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 126 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਇਸ ਮਾਰੂ ਵਾਇਰਸ ਦੇ ਤਕਰੀਬਨ 50 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 49 ਹਜ਼ਾਰ 391 ਵਿਅਕਤੀ ਮਰੀਜ਼ ਹੋਏ ਹਨ। ਇਸ ਦੇ ਨਾਲ ਹੀ 1694 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 14 ਹਜ਼ਾਰ 183 ਲੋਕ ਵੀ ਠੀਕ ਹੋ ਗਏ ਹਨ।
ਸਿਹਤ ਮੰਤਰਾਲੇ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 617, ਗੁਜਰਾਤ 368, ਮੱਧ ਪ੍ਰਦੇਸ਼ 176, ਰਾਜਸਥਾਨ 89, ਦਿੱਲੀ 64, ਉੱਤਰ ਪ੍ਰਦੇਸ਼ 56, ਆਂਧਰਾ ਪ੍ਰਦੇਸ਼ 36, ਪੱਛਮੀ ਬੰਗਾਲ 140, ਤਾਮਿਲਨਾਡੂ 33, ਤੇਲੰਗਾਨਾ 29 , ਕਰਨਾਟਕ ਵਿਚ 29 ਮੌਤਾਂ, ਪੰਜਾਬ ਵਿਚ 25, ਜੰਮੂ ਅਤੇ ਕਸ਼ਮੀਰ ਵਿਚ 8, ਹਰਿਆਣਾ ਵਿਚ 6, ਕੇਰਲ ਵਿਚ 4, ਝਾਰਖੰਡ ਵਿਚ 3, ਬਿਹਾਰ ਵਿਚ 4, ਹਿਮਾਚਲ ਪ੍ਰਦੇਸ਼ ਵਿਚ ਦੋ, ਚੰਡੀਗੜ੍ਹ, ਅਸਾਮ, ਮੇਘਾਲਿਆ ਅਤੇ ਉੜੀਸਾ ਵਿਚ ਇਕ-ਇਕ ਮੌਤਾਂ ਹੋਈਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।