ਦਿੱਲੀ ਨੂੰ 700 ਟਨ ਤੋਂ ਜ਼ਿਆਦਾ ਆਕਸੀਜਨ ਦੇਣ ਲਈ ਸੀਐਮ ਕੇਜਰੀਵਾਲ ਨੇ ਪੀਐਮ ਮੋਦੀ ਦਾ ਕੀਤਾ ਧੰਨਵਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਚਿੱਠੀ ਲਿਖ ਕੇ ਧੰਨਵਾਦ ਕੀਤਾ ਹੈ।

Arvind Kejriwal Thanks PM For Oxygen

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਚਿੱਠੀ ਲਿਖ ਕੇ ਧੰਨਵਾਦ ਕੀਤਾ ਹੈ। ਦਰਅਸਲ ਬੀਤੇ ਦਿਨ ਦਿੱਲੀ ਨੂੰ ਪਹਿਲੀ ਵਾਰ 700 ਟਨ ਤੋਂ ਜ਼ਿਆਦਾ ਆਕਸੀਜਨ ਮਿਲ਼ਣ ’ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ।

ਇਸ ਚਿੱਠੀ ਵਿਚ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਅਪੀਲ ਕੀਤੀ ਕਿ ਘੱਟੋ ਘੱਟ ਇੰਨੀ ਆਕਸੀਜਨ ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ ਅਤੇ ਇਸ ਵਿਚ ਕਟੌਤੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਇਕ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਦਿੱਲੀ ਨੂੰ ਪਹਿਲੀ ਵਾਰ 730 ਟਨ ਆਕਸੀਜਨ ਮਿਲੀ।

ਇਸ ਦੇ ਲ਼ਈ ਉਹਨਾਂ ਨੇ ਸੁਪਰੀਮ ਕੋਰਟ, ਹਾਈ ਕੋਰਟ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਮੈਂ ਉਮੀਦ ਕਰਦਾ ਹਾਂ ਕਿ ਹੁਣ ਦਿੱਲੀ ਲਈ ਰੋਜ਼ਾਨਾ 700 ਟਨ ਆਕਸੀਜਨ ਆਏਗੀ ਤਾਂ ਹਸਪਤਾਲ ਅਪਣੀ ਪੂਰੀ ਸਮਰੱਥਾ ’ਤੇ ਬੈੱਡ ਰੱਖਣਗੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਸਾਨੂੰ ਰੋਜ਼ ਇੰਨੀ ਆਕਸੀਜਨ ਮਿਲੇਗੀ ਤਾਂ ਦਿੱਲੀ ਵਿਚ ਕਿਸੇ ਵੀ ਵਿਅਕਤੀ ਦੀ ਆਕਸੀਜਨ ਕਾਰਨ ਮੌਤ ਨਹੀਂ ਹੋਵੇਗੀ।